ਮੁੰਬਈ: ਪ੍ਰਸਿੱਧ ਗੀਤਕਾਰ ਤੇ ਉੱਘੇ ਲੇਖਕ ਜਾਵੇਦ ਅਖ਼ਤਰ ਨੇ ਫ਼ਿਲਮਾਂ ਬਣਾਉਣ ’ਚ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਨਿਡਰ ਪਹੁੰਚ ਦੀ ਸ਼ਲਾਘਾ ਕੀਤੀ ਹੈ। ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਸਿਨੇਮਾ ਵਿਰਾਸਤ ਸਮਾਗਮ ’ਚ ਪੀਵੀਆਰ ਆਈਐੱਨਓਐਕਸ ਨੇ ‘ਆਮਿਰ ਖ਼ਾਨ: ਸਿਨੇਮਾ ਕਾ ਜਾਦੂਗਰ’ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜੋ ਇਸ ਅਦਾਕਾਰ ਦੇ ਭਾਰਤੀ ਸਿਨੇਮਾ ’ਚ ਯੋਗਦਾਨ ਨੂੰ ਸਮਰਪਿਤ ਹੈ। ਇਹ ਫੈਸਟੀਵਲ 14 ਮਾਰਚ, ਜਦੋਂ ਆਮਿਰ ਖ਼ਾਨ ਦਾ ਜਨਮ ਦਿਨ ਹੈ ਤੋਂ ਸ਼ੁਰੂ ਹੋਵੇਗਾ ਅਤੇ 27 ਮਾਰਚ ਤੱਕ ਚੱਲੇਗਾ, ਜਿਸ ਵਿੱਚ ਦਰਸ਼ਕਾਂ ਨੂੰ ਉਸ ਦੀਆਂ ਕੁਝ ਖਾਸ ਪੇਸ਼ਕਾਰੀਆਂ ਵੱਡੇ ਪਰਦੇ ’ਤੇ ਮੁੜ ਦੇਖਣ ਨੂੰ ਮਿਲਣਗੀਆਂ। ਪ੍ਰੋਗਰਾਮ ਦੀ ਅਧਿਕਾਰਤ ਸ਼ੁਰੂਆਤ ਮੌਕੇ ਗੀਤਕਾਰ ਜਾਵੇਦ ਅਖ਼ਤਰ ਨੇ ਆਮਿਰ ਖ਼ਾਨ ਅਤੇ ਪੀਵੀਆਰ ਦੇ ਸੰਸਥਾਪਕ ਅਜੈ ਬਿਜਲੀ ਨਾਲ ਗੱਲਬਾਤ ਦੌਰਾਨ ਆਮਿਰ ਦੇ ਨਿਡਰ ਫ਼ੈਸਲਿਆਂ ਨੂੰ ਸਲਾਹਿਆ। ਜਾਵੇਦ ਅਖ਼ਤਰ ਨੇ ਆਮਿਰ ਖ਼ਾਨ ਨਾਲ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਕਿਹਾ, ‘‘ਆਮਿਰ ਨੇ ਮੇਰੇ ਵੱਲੋਂ ਲਿਖੀ ਗਈ ਪਹਿਲੀ ਫ਼ਿਲਮ ’ਚ ਕੰਮ ਕੀਤਾ ਸੀ। ਜਦੋਂ ਮੈਂ ਆਮਿਰ ਨੂੰ ਦੇਖਿਆ ਤਾਂ, ਮੈਂ ਤੁਰੰਤ ਨਾਸਿਰ ਹੁਸੈਨ ਨੂੰ ਕਿਹਾ ਕਿ ਉਹ ਇੱਕ ਸਟਾਰ ਹੈ। ਉਸ ਨੂੰ ਇੱਕ ਰੋਮਾਂਟਿਕ ਫ਼ਿਲਮ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ।’’ ਜਾਵੇਦ ਅਖ਼ਤਰ ਨੇ ਫ਼ਿਲਮ ਨਿਰਮਾਣ ’ਚ ਆਮਿਰ ਖ਼ਾਨ ਦੀ ਜੋਖਮ ਲੈਣ ਦੀ ਇੱਛਾ ’ਤੇ ਚਾਣਨਾ ਪਾਇਆ ਜਿਸ ਤੋਂ ਬਹੁਤੇ ਕਲਾਕਾਰ ਘਬਰਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਫ਼ਿਲਮ ਫਲਾਪ ਹੋਣ ਦੇ ਬਾਵਜੂਦ ਆਮਿਰ ਨੇ ਆਸ਼ੂਤੋਸ਼ ਗੋਵਾਰੀਕਰ ਨਾਲ ਇਕ ਹੋਰ ਫ਼ਿਲਮ ਕੀਤੀ।