ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਮਿਲਣ ਦੇ ਸੰਕੇਤ ਨਜ਼ਰ ਆਉਣ ਲੱਗੇ ਹਨ। ਪ੍ਰਚੂਨ ਮਹਿੰਗਾਈ ਤੋਂ ਬਾਅਦ ਹੁਣ ਥੋਕ ਮਹਿੰਗਾਈ ਦਰ ਵਿੱਚ ਵੀ ਵੱਡੀ ਗਿਰਾਵਟ ਆਈ ਹੈ। ਅਪ੍ਰੈਲ ਮਹੀਨੇ ‘ਚ ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਮਹਿੰਗਾਈ ਦਰ ਜ਼ੀਰੋ ‘ਤੇ ਆ ਗਈ ਹੈ। ਇਹ ਪਿਛਲੇ 3 ਸਾਲਾਂ ਵਿੱਚ ਥੋਕ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ।
ਥੋਕ ਮਹਿੰਗਾਈ ਦਰ ਵਿੱਚ ਭਾਰੀ ਗਿਰਾਵਟ
ਸੋਮਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਮਹਿੰਗਾਈ ਦਰ ਅਪ੍ਰੈਲ ‘ਚ ਘਟ ਕੇ 0.92 ਫੀਸਦੀ ‘ਤੇ ਆ ਗਈ। ਜੁਲਾਈ 2020 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਥੋਕ ਮਹਿੰਗਾਈ ਦਰ ਜ਼ੀਰੋ ਤੋਂ ਹੇਠਾਂ ਆਈ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਦੌਰਾਨ ਵੀ ਥੋਕ ਮਹਿੰਗਾਈ ਦਰ ਵਿੱਚ ਭਾਰੀ ਗਿਰਾਵਟ ਆਈ ਸੀ ਅਤੇ ਇਹ ਘਟ ਕੇ 1.34 ਫੀਸਦੀ ‘ਤੇ ਆ ਗਈ ਸੀ।
ਇੰਨੀ ਘਟ ਹੋਈ ਪ੍ਰਚੂਨ ਮਹਿੰਗਾਈ
ਥੋਕ ਮਹਿੰਗਾਈ ਦਰ ਲਗਾਤਾਰ ਘਟ ਰਹੀ ਹੈ। ਅਪ੍ਰੈਲ 2023 ਲਗਾਤਾਰ 11ਵਾਂ ਮਹੀਨਾ ਹੈ, ਜਦੋਂ ਥੋਕ ਮਹਿੰਗਾਈ ਦਰ ਘਟੀ ਹੈ। ਫਰਵਰੀ ‘ਚ ਇਹ 3.85 ਫੀਸਦੀ ਅਤੇ ਜਨਵਰੀ ‘ਚ 4.73 ਫੀਸਦੀ ਸੀ। ਆਮ ਲੋਕਾਂ ਲਈ ਇਹ ਦੋਹਰੀ ਰਾਹਤ ਹੈ, ਕਿਉਂਕਿ ਪਹਿਲਾਂ ਜਾਰੀ ਕੀਤੇ ਪ੍ਰਚੂਨ ਮੁੱਲ ਆਧਾਰਿਤ ਮਹਿੰਗਾਈ ਅੰਕੜਿਆਂ ਵਿੱਚ ਵੀ ਗਿਰਾਵਟ ਆਈ ਹੈ। ਅਪ੍ਰੈਲ ਮਹੀਨੇ ਦੌਰਾਨ ਪ੍ਰਚੂਨ ਮਹਿੰਗਾਈ ਦਰ ਮਾਰਚ ਦੇ 5.7 ਫੀਸਦੀ ਦੇ ਮੁਕਾਬਲੇ 4.7 ਫੀਸਦੀ ‘ਤੇ ਆ ਗਈ। ਇਹ 18 ਮਹੀਨਿਆਂ ਵਿੱਚ ਪ੍ਰਚੂਨ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ।
ਇਹਨਾਂ ਕਾਰਨਾਂ ਕਰਕੇ ਆਈ ਕਮੀ
ਵਣਜ ਮੰਤਰਾਲੇ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਥੋਕ ਮਹਿੰਗਾਈ ਦਰ ਵਿੱਚ ਕਮੀ ਦਾ ਕਾਰਨ ਕਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਨਰਮੀ ਹੈ। ਬੁਨਿਆਦੀ ਧਾਤਾਂ, ਖੁਰਾਕੀ ਵਸਤੂਆਂ, ਖਣਿਜ ਤੇਲ, ਟੈਕਸਟਾਈਲ, ਗੈਰ ਖੁਰਾਕੀ ਵਸਤੂਆਂ, ਰਸਾਇਣਕ, ਰਬੜ, ਕਾਗਜ਼ ਆਦਿ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦਾ ਅਸਰ ਥੋਕ ਮਹਿੰਗਾਈ ਦੇ ਅੰਕੜਿਆਂ ‘ਤੇ ਦਿਖਾਈ ਦੇ ਰਿਹਾ ਹੈ।