ਪਾਕਿਸਤਾਨ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਉਹ ਦੁਨੀਆ ਭਰ ਵਿਚ ਭੀਖ ਮੰਗ ਰਿਹਾ ਹੈ। 2023 ਪਾਕਿਸਤਾਨ ਲਈ ਗੰਭੀਰ ਚੁਣੌਤੀਆਂ ਵਾਲਾ ਸਾਲ ਸਾਬਤ ਹੋ ਸਕਦਾ ਹੈ। ਵਿਸ਼ਲੇਸ਼ਕ ਹੁਣ ਚੇਤਾਵਨੀ ਦੇ ਰਹੇ ਹਨ ਕਿ ਪਾਕਿਸਤਾਨ ਕਿਸੇ ਵੀ ਸਮੇਂ ਦੀਵਾਲੀਆ ਹੋ ਸਕਦਾ ਹੈ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਦੀਆਂ ਵੱਖ-ਵੱਖ ਬੰਦਰਗਾਹਾਂ ‘ਤੇ 9,000 ਤੋਂ ਵੱਧ ਕੰਟੇਨਰ ਫਸੇ ਹੋਏ ਹਨ। ਜਿਸ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਵਿਘਨ ਪੈਣ ਦਾ ਖਤਰਾ ਬਣਿਆ ਹੋਇਆ ਹੈ। ਦੇਸ਼ ਵਿੱਚ ਮਹਿੰਗਾਈ ਦਰ ਲਗਭਗ 30 ਫੀਸਦੀ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਸਮੇਂ ਸਿਰ ਭੁਗਤਾਨ ਨਹੀਂ
ਸਥਿਤੀ ਇਹ ਹੈ ਕਿ ਬੰਦਰਗਾਹਾਂ ਵਿੱਚ ਫਸੇ ਕੰਟੇਨਰਾਂ ਨੂੰ ਸਾਫ਼ ਨਹੀਂ ਕੀਤਾ ਜਾ ਰਿਹਾ ਹੈ। ਸ਼ਿਪਿੰਗ ਕੰਪਨੀਆਂ ਸਮੇਂ ‘ਤੇ ਭੁਗਤਾਨ ਨਾ ਕਰਨ ‘ਤੇ ਪਾਕਿਸਤਾਨ ਨੂੰ ਕੰਮਕਾਜ ਮੁਅੱਤਲ ਕਰਨ ਦੀ ਧਮਕੀ ਦੇ ਰਹੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਆਯਾਤ ਅਤੇ ਨਿਰਯਾਤ ਦੋਹਾਂ ‘ਤੇ ਮਾੜਾ ਪ੍ਰਭਾਵ ਪਵੇਗਾ। ਸਟੇਟ ਬੈਂਕ ਆਫ਼ ਪਾਕਿਸਤਾਨ (SBP) ਕੋਲ ਸਿਰਫ਼ 4.4 ਬਿਲੀਅਨ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਬਚਿਆ ਹੈ, ਜੋ ਸਿਰਫ਼ ਤਿੰਨ ਹਫ਼ਤਿਆਂ ਲਈ ਕਾਫ਼ੀ ਹੈ। ਇਸ ਦੇ ਨਾਲ ਹੀ ਕੰਟੇਨਰਾਂ ਨੂੰ ਖਾਲੀ ਕਰਨ ਲਈ ਕਰੀਬ ਡੇਢ ਤੋਂ ਦੋ ਅਰਬ ਡਾਲਰ ਦੀ ਲੋੜ ਹੈ।
ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ
ਸਪਲਾਈ ਚੇਨ ਟੁੱਟਣ ਕਾਰਨ ਪਾਕਿਸਤਾਨ ਵਿੱਚ ਕਾਰੋਬਾਰ ਬੰਦ ਹੋਣ ਦੇ ਖ਼ਤਰੇ ਵਿੱਚ ਹਨ ਕਿਉਂਕਿ ਘਰੇਲੂ ਤੌਰ ‘ਤੇ ਨਿਰਮਿਤ ਸਾਮਾਨ ਆਯਾਤ ਕੀਤੇ ਕੱਚੇ ਮਾਲ ‘ਤੇ ਨਿਰਭਰ ਹਨ। ਪਾਕਿਸਤਾਨ ਵਿੱਚ ਟੈਕਸਟਾਈਲ ਉਦਯੋਗ ਵੀ ਨਾਜ਼ੁਕ ਹਾਲਤ ਵਿੱਚ ਹੈ। ਉਦਯੋਗ ਅੰਤਰਰਾਸ਼ਟਰੀ ਖਰੀਦਦਾਰਾਂ ਵਿੱਚ ਭਰੋਸੇਯੋਗਤਾ ਅਤੇ ਮਾਰਕੀਟ ਹਿੱਸੇਦਾਰੀ ਗੁਆ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਹਸਪਤਾਲਾਂ ਵਿਚ ਦਵਾਈਆਂ ਦੀ ਕਮੀ ਹੈ। ਇਸ ਦੇ ਨਾਲ ਹੀ ਕਣਕ, ਖਾਦ ਅਤੇ ਪੈਟਰੋਲ ਵਰਗੀਆਂ ਚੀਜ਼ਾਂ ਵੀ ਜਲਦੀ ਖਤਮ ਹੋ ਸਕਦੀਆਂ ਹਨ।
ਸਰਕਾਰ ਨੇ ਲੋਕਾਂ ਤੋਂ ਮਦਦ ਦੀ ਕੀਤੀ ਮੰਗ
ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਲੋਕਾਂ ਨੂੰ ਪਾਣੀ, ਗੈਸ ਅਤੇ ਬਿਜਲੀ ਵਰਗੇ ਸਰੋਤਾਂ ਨੂੰ ਬਚਾਉਣ ਲਈ ਕਿਹਾ ਹੈ ਤਾਂ ਜੋ ਸਰਕਾਰ ਨੂੰ ਆਪਣਾ ਆਯਾਤ ਬਿੱਲ ਘਟਾਉਣ ਵਿੱਚ ਮਦਦ ਮਿਲ ਸਕੇ। ਦੱਸ ਦੇਈਏ ਕਿ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਕਰਜ਼ਾ ਲੈਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਸ਼ਰੀਫ ਨੇ 24 ਜਨਵਰੀ ਨੂੰ ਕਿਹਾ ਸੀ ਕਿ ਪਾਕਿਸਤਾਨ ਦਾ ਸੱਤਾਧਾਰੀ ਗਠਜੋੜ ਪੈਸੇ ਲਈ ਆਈਐਮਐਫ ਦੀਆਂ ਸਖ਼ਤ ਸ਼ਰਤਾਂ ਨੂੰ ਸਵੀਕਾਰ ਕਰਕੇ ਦੇਸ਼ ਦੀ ਖ਼ਾਤਰ ਆਪਣਾ ਸਿਆਸੀ ਕਰੀਅਰ ਕੁਰਬਾਨ ਕਰਨ ਲਈ ਤਿਆਰ ਹੈ।
ਸਿਆਸੀ ਪਾਰਟੀਆਂ ਅਤੇ ਲੋਕਾਂ ਵਿਚਕਾਰ ਸੰਪਰਕ ਟੁੱਟਿਆ
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਸੈਨੇਟਰ ਮੁਸਤਫਾ ਨਵਾਜ਼ ਖੋਖਰ ਨੇ ਹਾਲ ਹੀ ‘ਚ ਕਿਹਾ ਸੀ ਕਿ ਪਾਕਿਸਤਾਨ ਸਿਆਸੀ ਅਤੇ ਨੈਤਿਕ ਤੌਰ ‘ਤੇ ਦੀਵਾਲੀਆ ਹੋ ਗਿਆ ਹੈ। ਕਵੇਟਾ ਵਿੱਚ ਰਾਸ਼ਟਰੀ ਸੰਵਾਦ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਖੋਖਰ ਨੇ ਕਿਹਾ ਸੀ ਕਿ ਅੱਜ ਵੀ ਲੋਕਾਂ ਨੂੰ ਉਹ ਸੱਚ ਨਹੀਂ ਦੱਸਿਆ ਜਾ ਰਿਹਾ ਜਿਸਦੀ ਦੇਸ਼ ਨੂੰ ਲੋੜ ਹੈ। ਕਾਨਫਰੰਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਾਬਕਾ ਆਗੂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਵਿਚਕਾਰ ਦੂਰੀ ਬਣੀ ਹੋਈ ਹੈ। ਪਨਾਮਾ ਪੇਪਰਜ਼ ਅਤੇ ਤੋਸ਼ਾਖਾਨਾ ਕੇਸ ਵਰਗੇ ਬੇਲੋੜੇ ਸਿਆਸੀ ਭਾਸ਼ਣਾਂ ਵਿੱਚ ਉਲਝਣ ਦੀ ਬਜਾਏ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ।