ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਮਾਰੀ ਤੇ ਹਾਲ ਹੀ ਦੇ ਭੂ-ਸਿਆਸੀ ਘਟਨਾਕ੍ਰਮ ਤੋਂ ਪੈਦਾ ਹੋਈ ਬੇਭਰੋਸਗੀ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਦੀ ਮਦਦ ਕਰਨ ਲਈ ਵਿਸ਼ਵ ਬੈਂਕ ਨੂੰ ਗੁਹਾਰ ਲਗਾਈ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਗਰੁੱਪ ਪ੍ਰਰੈਜ਼ੀਡੈਂਟ ਡੇਵਿਡ ਮਲਪਾਸ ਨਾਲ ਇਕ ਬੈਠਕ ‘ਚ ਕਿਹਾ ਕਿ ਭਾਰਤ ਭੂ-ਸਿਆਸੀ ਤਣਾਅ ਦਰਮਿਆਨ ਵਧਦੀ ਬੇਭਰੋਸਗੀ ਕਾਰਨ ਕੌਮਾਂਤਰੀ ਅਰਥਚਾਰੇ ‘ਚ ਸੁਧਾਰ ਲਈ ਪੈਦਾ ਜ਼ੋਖ਼ਿਮਾਂ ਨੂੰ ਲੈ ਕੇ ਚਿੰਤਤ ਹੈ।
ਵਿੱਤ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, ‘ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੇ ਵਿਸ਼ਵ ਬੈਂਕ ਬੈਠਕ 2022 ‘ਚ ਹਿੱਸਾ ਲੈਣ ਲਈ ਅਮਰੀਕਾ ਦੀ ਯਾਤਰਾ ‘ਤੇ ਆਈ ਸੀਤਾਰਮਨ ਨੇ ਵਿਸ਼ਵ ਬੈਂਕ ਮੁਖੀ ਨੂੰ ਕਿਹਾ ਕਿ ਦੁਨੀਆ ਇਸ ਸਮੇਂ ਅਸਾਧਾਰਨ ਦੌਰ ‘ਚੋਂ ਗੁਜ਼ਰ ਰਹੀ ਹੈ ਤੇ ਅਜਿਹੇ ਸਮੇਂ ਸਾਰੇ ਦੇਸ਼ਾਂ ਨੂੰ ਮਿਲ ਕੇ ਯਤਨ ਕਰਨਾ ਅਹਿਮ ਹੋ ਗਿਆ ਹੈ।’ ਉਨ੍ਹਾਂ ਕਿਹਾ, ‘ਆਰਥਿਕ ਸੰਕਟ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ਦੇ ਬਚਾਅ ਲਈ ਅੱਗੇ ਆਉਣ ਦੀ ਲੋੜ ਹੈ। ਖ਼ਾਸ ਕਰ ਸ੍ਰੀਲੰਕਾ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜੋ ਭਿਆਨਕ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ।’ ਭਾਰਤ ਦਾ ਗੁਆਂਢੀ ਦੇਸ਼ ਸ੍ਰੀਲੰਕਾ ਵਿਦੇਸ਼ੀ ਮੁਦਰਾ ਦੀ ਕਮੀ ਤੇ ਭੁਗਤਾਨ ਸੰਤੁਲਨ ਸੰਕਟ ਕਾਰਨ ਆਪਣੇ ਹੁਣ ਤਕ ਦੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਦਾ ਆਰਥਿਕ ਸੰਕਟ ਅੰਸ਼ਿਕ ਰੂਪ ਨਾਲ ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਪੈਦਾ ਹੋਇਆ ਹੈ। ਇਸਦੀ ਵਜ੍ਹਾ ਨਾਲ ਸ੍ਰੀਲੰਕਾ ਮੁੱਖ ਖ਼ੁਰਾਕੀ ਪਦਾਰਥਾਂ ਤੇ ਈਂਧਨ ਦੀ ਦਰਾਮਦ ਲਈ ਭੁਗਤਾਨ ਨਹੀਂ ਕਰ ਪਾ ਰਿਹਾ। ਇਸ ਨਾਲ ਚੀਜ਼ਾਂ ਦੀ ਕਿੱਲਤ ਹੋਣ ਦੇ ਨਾਲ ਉਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਹਨ।
ਮਾਲਪਾਸ ਨਾਲ ਬੈਠਕ ਦੌਰਾਨ ਸੀਤਾਰਮਨ ਨੇ ਕਿਹਾ ਕਿ ਭਾਰਤ ਵੱਲੋਂ ਮਹਾਮਾਰੀ ਖ਼ਿਲਾਫ਼ ਜੋ ਕਦਮ ਚੁੱਕੇ ਗਏ ਹਨ, ਉਸ ਨੇ ਜੀਵਨ ਤੇ ਰੁਜ਼ਗਾਰ ਬਚਾਉਣ ਦੇ ਦੋਹਰੇ ਟੀਚੇ ਨੂੰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੀਕਾਕਰਨ ਪ੍ਰਰੋਗਰਾਮ ਸਫਲਤਾ ਨਾਲ ਚਲਾ ਰਿਹਾ ਹੈ, ਜਿਸ ‘ਚ 1.85 ਅਰਬ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਰੂਸ-ਯੂਕਰੇਨ ਸੰਘਰਸ਼ ਦੇ ਵਿਸ਼ਵ ਅਰਥਚਾਰੇ ਤੇ ਵਿਸ਼ੇਸ਼ ਰੂਪ ‘ਚ ਭਾਰਤ ‘ਤੇ ਪ੍ਰਭਾਵ, ਵਿਸ਼ਵ ਬੈਂਕ ਸਮੂਹ ਦੀ ਅਰਥਚਾਰੇ ਤੇ ਭੂੁਮਿਕਾ, ਸਿੰਗਲ ਉਧਾਰ ਹੱਦ ਤੇ ਹੋਰਨਾਂ ਦੇਸ਼ਾਂ ਤੋਂ ਗਾਰੰਟੀ ਦੀ ਸੰਭਾਵਨਾ ਦਾ ਪਤਾ ਲਗਾਉਣ ਤੇ ਭਾਰਤ ਦੀ ਜੀ20 ਪ੍ਰਧਾਨਗੀ ਬਾਰੇ ਚਰਚਾ ਕੀਤੀ।