ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਦੇ ਸ੍ਰੀ ਆਲੋਕ ਸ਼ਰਮਾ ਨੂੰ ਤਰੱਕੀ ਦੇ ਕੇ ਕੈਬਿਨੇਟ ਮੰਤਰੀ ਬਣਾ ਦਿੱਤਾ ਹੈ। ਸ੍ਰੀ ਸ਼ਰਮਾ ਹੁਣ ਤੱਕ ਜੂਨੀਅਰ ਮੰਤਰੀ ਸਨ। ਇੰਝ ਸ੍ਰੀ ਜੌਨਸਨ ਨੇ ਭਾਰਤੀਆਂ ਨੂੰ ਇਸ ਵਾਰ ਵੱਡੇ ਮਾਣ ਬਖ਼ਸ਼ੇ ਹਨ ਕਿਉਂਕਿ ਉਨ੍ਹਾਂ ਭਾਰਤੀ ਮੂਲ ਦੇ ਪ੍ਰੀਤੀ ਪਟੇਲ ਨੂੰ ਇੰਗਲੈਂਡ ਦਾ ਗ੍ਰਹਿ ਮੰਤਰੀ ਬਣਾਇਆ ਹੈ। ਇਸ ਤੋਂ ਪਹਿਲਾਂ ਕਦੇ ਕੋਈ ਭਾਰਤੀ ਇੰਨੇ ਉੱਚ ਅਹੁਦੇ ਤੱਕ ਨਹੀਂ ਪੁੱਜ ਸਕਿਆ।
ਸ੍ਰੀ ਆਲੋਕ ਸ਼ਰਮਾ ਹੁਣ ਕੌਮਾਂਤਰੀ ਵਿਕਾਸ ਮੰਤਰੀ ਹੋਣਗੇ; ਜੋ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਸ੍ਰੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਉਹ ਹੁਣ ਸਮੁੱਚੀ ਸਰਕਾਰ ਨਾਲ ਮਿਲ ਕੇ ਬ੍ਰੈਗਜ਼ਿਟ (Brexit) ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਇੰਗਲੈਂਡ ਸਮੇਤ ਸਮੁੱਚੀ ਦੁਨੀਆ ਸਾਹਮਣੇ ਵਾਤਾਵਰਣਕ ਤਬਦੀਲੀ, ਬੀਮਾਰੀਆਂ ਤੇ ਮਨੁੱਖੀ ਤਬਾਹੀਆਂ ਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ
ਸ੍ਰੀ ਸ਼ਰਮਾ ਨੇ ਕਿਹਾ ਕਿ ਕੌਮਾਂਤਰੀ ਵਿਕਾਸ ਉੱਤੇ ਜੀਐੱਨਆਈ ਦਾ 0.7 ਫ਼ੀ ਸਦੀ ਸਰਮਾਇਆ ਲਾਉਣਾ ਇਹ ਦਰਸਾਉਂਦਾ ਹੈ ਕਿ ਅਸੀਂ ਇੱਕ ਉੱਦਮ ਹਾਂ ਤੇ ਸਦਾ ਅੱਗੇ ਵਧਣਾ ਚਾਹੁੰਦੇ ਹਾਂ ਅਤੇ ਅਸੀਂ ਸੱਚਮੁਚ ਅਜਿਹੇ ਗਲੋਬਲ–ਬ੍ਰਿਟੇਨ ਹਾਂ, ਜੋ ਸਮੁੱਚੇ ਵਿਸ਼ਵ ਨਾਲ ਮਿਲ ਕੇ ਅੱਗੇ ਵਧ ਰਿਹਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਦੁਨੀਆ ਦੇ ਬੇਹੱਦ ਗ਼ਰੀਬਾਂ ਤੇ ਖ਼ਤਰੇ ਵਿੱਚ ਰਹਿ ਰਹੇ ਲੋਕਾਂ ਦੇ ਜੀਵਨ ਤਬਦੀਲ ਕਰਨ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਆਰੀ ਸਿੱਖਿਆ ਤੇ ਨੌਕਰੀਆ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਨਾਲ ਹੀ ਇੰਗਲੈਂਡ ਦੀ ਆਰਥਿਕਤਾ, ਸੁਰੱਖਿਆ ਤੇ ਵਿਦੇਸ਼ ਹਿਤਾਂ ਦਾ ਵੀ ਪੂਰਾ ਖਿ਼ਆਲ ਰੱਖਿਆ ਜਾਵੇਗਾ।