ਮੈਲਬਰਨ: ਆਸਟਰੇਲੀਆ ਵਿੱਚ ਪੰਜਾਬੀ ਵਿਦਿਆਰਥੀ ਦੇ ਕਤਲ ਦੀ ਖ਼ਬਰ ਆਈ ਹੈ। ਮੈਲਬਰਨ ਦੇ ਪੱਛਮੀ ਖੇਤਰ ਮੈਡਸਟੋਨ ’ਚ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਨਾਲ ਸਬੰਧਤ ਪਰਮਜੀਤ ਸਿੰਘ (27) ਵਜੋਂ ਹੋਈ ਹੈ ਜੋ ਕਰੀਬ ਸਾਢੇ ਪੰਜ ਸਾਲ ਤੋਂ ਆਸਟਰੇਲੀਆ ’ਚ ਵਿਦਿਆਰਥੀ ਵੀਜ਼ੇ ’ਤੇ ਰਹਿ ਰਿਹਾ ਸੀ।ਪੁਲਿਸ ਮੁਤਾਬਕ ਇਹ ਵਾਰਦਾਤ ਸ਼ੁੱਕਰਵਾਰ ਰਾਤ ਉਸ ਸਮੇਂ ਵਾਪਰੀ ਜਦੋਂ ਪਰਮਜੀਤ ਨਾਲ ਰਹਿੰਦੇ ਇੱਕ ਹੋਰ ਪੰਜਾਬੀ ਵਿਦਿਆਰਥੀ ਸੰਦੀਪ ਸਿੰਘ ਵਾਲੀਆ (26) ਨੇ ਮਾਮੂਲੀ ਤਕਰਾਰ ਪਿੱਛੋਂ ਉਸ ਦਾ ਕਤਲ ਕਰ ਦਿੱਤਾ। ਵਿਕਟੋਰੀਆ ਪੁਲਿਸ ਨੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਿੱਥੇ ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ।
ਗੁਆਂਢੀਆਂ ਮੁਤਾਬਕ ਇਸ ਘਟਨਾ ਵਾਲੇ ਘਰ ’ਚ ਕਰੀਬ 10 ਵਿਦਿਆਰਥੀ ਰਹਿ ਰਹੇ ਸਨ ਜੋ ਟੈਕਸੀ ਤੇ ਕੋਰੀਅਰ ਵੈਨ ਚਲਾਉਣ ਦਾ ਕੰਮ ਕਰਦੇ ਸਨ। ਪਰਮਜੀਤ ਸਿੰਘ ਦੀ ਲਾਸ਼ ਪੰਜਾਬ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ। ਸੰਦੀਪ ਸਿੰਘ ਵਾਲੀਆ ਦੀ ਅਗਲੀ ਪੇਸ਼ੀ ਬੁੱਧਵਾਰ ਨੂੰ ਹੋਵੇਗੀ।
ਪਿੰਡ ਧੂੰਦਾ ’ਚ ਪਰਮਜੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਪਰਮਜੀਤ ਸਿੰਘ ਪੰਜ ਮਹੀਨੇ ਪਹਿਲਾਂ ਆਪਣੇ ਛੋਟੇ ਭਰਾ ਦੇ ਵਿਆਹ ’ਤੇ ਪੰਜਾਬ ਆਇਆ ਸੀ। ਹੁਣ ਉਸ ਨੂੰ ਪੱਕੇ ਹੋਣ ਦੇ ਕਾਗਜ਼ ਮਿਲਣ ਵਾਲੇ ਸਨ ਕਿ ਇਹ ਭਾਣਾ ਵਾਪਰ ਗਿਆ। ਪਿੰਡ ਵਾਸੀਆਂ ਨੇ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਪਰਮਜੀਤ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾਣ।