ਆਸਟ੍ਰੇਲੀਆ ਦੇ ਮੈਲਬੌਰਨ ’ਚ ਲਗਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਗ਼ੈਰ-ਸਮਾਜਿਕ ਤੱਤਾਂ ਨੇ ਤੋੜ ਦਿੱਤਾ। ਕਾਂਸੇ ਦੀ ਇਹ ਮੂਰਤੀ ਭਾਰਤ ਸਰਕਾਰ ਨੇ ਭੇਟ ਕੀਤੀ ਸੀ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਸ ਨੂੁੰ ਸ਼ਰਮਨਾਕ ਹਰਕਤ ਕਰਾਰ ਦਿੱਤਾ ਹੈ। ਇਸ ਵਾਰਦਾਤ ਕਾਰਨ ਭਾਰਤਵੰਸ਼ੀਆਂ ’ਚ ਕਾਫੀ ਗੁੱਸਾ ਹੈ।
ਐੱਜ ਅਖ਼ਬਾਰ ਮੁਤਾਬਕ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਮੌਰੀਸਨ ਵੱਲੋਂ ਸ਼ੁੱਕਰਵਾਰ ਨੂੰ ਰੋਵਵਿਲੇ ’ਚ ਸਥਿਤ ਇੰਡੀਅਨ ਕਮਿਊਨਿਟੀ ਸੈਂਟਰ ’ਚ ਮੂਰਤੀ ਦਾ ਉਦਘਾਟਨ ਤੋਂ ਕੁਝ ਦੇਰ ਬਾਅਦ ਇਹ ਵਾਰਦਾਤ ਹੋਈ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਲਗਾਈ ਗਈ ਮੂਰਤੀ ਦੇ ਉਦਘਾਟਨੀ ਸਮਾਗਮ ’ਚ ਭਾਰਤ ਦੇ ਕੌਂਸਲੇਟ ਜਨਰਲ ਰਾਜ ਕੁਮਾਰ ਤੇ ਆਸਟ੍ਰੇਲੀਆ ਦੇ ਕਈ ਨੇਤਾ ਮੌਜੂਦ ਸਨ। ਐਤਵਾਰ ਨੂੁੰ ਪ੍ਰਕਾਸ਼ਿਤ ਰਿਪੋਰਟ ’ਚ ਮੌਰੀਸਨ ਦੇ ਹਵਾਲੇ ਤੋਂ ਕਿਹਾ ਗਿਆ ਕਿ ਗ਼ੈਰ-ਸਨਮਾਨ ਦਾ ਇਹ ਪੱਧਰ ਬੇਹੱਦ ਸ਼ਰਮਨਾਕ ਤੇ ਨਿਰਾਸ਼ਾਜਨਕ ਹੈ। ਜਿਸ ਨੇ ਵੀ ਭਾਰਤ ਤੇ ਆਸਟ੍ਰੇਲੀਆ ਦੇ ਸੱਭਿਆਚਾਰ ਪ੍ਰਤੀ ਸਨਮਾਨ ਨਹੀਂ ਦਿਖਾਇਆ, ਉਸ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤਿਕ ਪ੍ਰਤੀਕਾਂ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ, ਜਿੱਥੇ ਦੁਨੀਆ ਦੇ ਕਈ ਦੇਸ਼ਾਂ ਤੇ ਭਾਈਚਾਰਿਆਂ ਦੇ ਲੋਕ ਇਕੱਠੇ ਰਹਿੰਦੇ ਹਨ।
ਏਬੀਸੀ ਨਿਊਜ਼ ਮੁਤਾਬਕ ਵਿਕਟੋਰੀਆ ਪੁਲਿਸ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਸਾਢੇ ਪੰਜ ਵਜੇ ਤੋਂ ਸ਼ਨਿਚਰਵਾਰ ਸ਼ਾਮ ਸਾਢੇ ਪੰਜ ਵਜੇ ਅਣਪਛਾਤੇ ਲੋਕਾਂ ਨੇ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਦੀ ਮਦਦ ਨਾਲ ਮੂਰਤੀ ਨੂੰ ਕੱਟਿਆ। ਪੁਲਿਸ ਨੇ ਦੱਸਿਆ ਕਿ ਨਾਕਸ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਗਵਾਹਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਪੁਲਿਸ ਨੂੰ ਕਿਸੇ ਦੇ ਫਿੰਗਰ ਪਿ੍ਰੰਟ ਨਹੀਂ ਮਿਲੇ ਕਿਉਂਕਿ ਪੂਰਾ ਦਿਨ ਉੱਥੇ ਭਾਰੀ ਬਾਰਿਸ਼ ਹੋ ਰਹੀ ਸੀ।
ਸ਼ਹਿਰ ’ਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਵਿਕਟੋਰੀਆ ਦੇ ਪ੍ਰੈਜ਼ੀਡੈਂਟ ਸੂਰਯ ਪ੍ਰਕਾਸ਼ ਸੋਨੀ ਦੇ ਹਵਾਲੇ ਤੋਂ ਏਬੀਸੀ ਨੇ ਲਿਖਿਆ, ‘ਭਾਰਤੀ ਭਾਈਚਾਰਾ ਹੈਰਾਨ ਤੇ ਦੁਖੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਕੋਈ ਅਜਿਹੀ ਨੀਚ ਤੇ ਵਹਿਸ਼ੀ ਹਰਕਤ ਕਿਉਂ ਕਰੇਗਾ।’ ਉਨ੍ਹਾਂ ਦੱਸਿਆ ਕਿ ਰੋਵਵਿਲੇ ਸੈਂਟਰ ਸਟੇਟ ਆਫ ਵਿਕਟੋਰੀਆ ’ਚ ਪਹਿਲਾ ਇੰਡੀਅਨ ਕਮਿਊਨਿਟੀ ਸੈਂਟਰ ਹੈ ਤੇ 30 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਦੀ ਸਥਾਪਨਾ ਹੋਈ ਹੈ। ਵਿਕਟੋਰੀਆ ’ਚ ਲਗਪਗ ਤਿੰਨ ਲੱਖ ਭਾਰਤੀ ਰਹਿੰਦੇ ਹਨ।