ਆਸਟ੍ਰੇਲੀਆ ਵਿਚ ਖ਼ਾਲਿਸਤਾਨ ਸਮਰਥਕਾਂ ਦੇ ਰੈਫਰੈਂਡਮ ਨੂੰ ਲੈ ਕੇ ਐਤਵਾਰ ਨੂੰ ਹੰਗਾਮਾ ਹੋ ਗਿਆ ਹੈ। ਅਖੌਤੀ ਰੈਫਰੈਂਡਮ ਦੌਰਾਨ ਖ਼ਾਲਿਸਤਾਨੀਆਂ ਅਤੇ ਭਾਰਤ ਪ੍ਰਸਤ ਪ੍ਰਦਰਸ਼ਨਕਾਰੀਆਂ ਵਿਚਾਲੇ ਦੋ ਥਾਵਾਂ ’ਤੇ ਭੇੜ ਹੋਇਆ, ਜਿਸ ਵਿਚ ਦੋ ਲੋਕ ਜ਼ਖ਼ਮੀ ਹੋਏ ਹਨ। ਘਟਨਾ ਨੂੰ ਲੈ ਕੇ ਕਈ ਖ਼ਾਲਿਸਤਾਨੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਏਜ ਅਖ਼ਬਾਰ ਮੁਤਾਬਕ, ਐਤਵਾਰ ਨੂੰ ਰੈਫਰੈਂਡਮ ਵਾਲੀ ਥਆਂ ਦੇ ਕੋਲ ਸ਼ਾਮ ਸਾਢੇ ਚਾਰ ਵਜੇ ਭਾਰਤ ਸਮਰਥਕ ਪ੍ਰਦਰਸ਼ਨਕਾਰੀ ਰਾਸ਼ਟਰੀ ਝੰਡਾ ਲਹਿਰਾ ਰਹੇ ਸਨ, ਇਸ ਦੌਰਾਨ ਭਾਰਤ ਵਿਚ ਪਾਬੰਦੀਸ਼ੁਦਾ ਅਮਰੀਕੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਆਪਸ ਵਿਚ ਭਿੜ ਗਏ ਅਤੇ ਉਹ ਖ਼ਾਲਿਸਤਾਨੀ ਝੰਡਾ ਲੈ ਕੇ ਉਨ੍ਹਾਂ ਨੂੰ ਭਜਾਉਣ ਲੱਗੇ। ਇਸ ਦੌਰਾਨ ਦੋ ਲੋਕਾਂ ਦੇ ਮਾਮੂਲੀ ਸੱਟਾਂ ਵੱਜੀਆਂ। ਵਿਕਟੋਰੀਆ ਪੁਲਿਸ ਨੇ ਦੋਵੇਂ ਘਟਨਾਵਾਂ ਵਿਚ ਇਕ-ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਦੇ ਹੋਏ ਉਨ੍ਹਾਂ ਦੇ ਦੰਗਾਕਾਰੀ ਵਿਵਹਾਰ ਨੂੰ ਲੈ ਕੇ ਪੈਨਲਟੀ ਨੋਟਿਸ ਜਾਰੀ ਕੀਤਾ ਹੈ। ਭਾਰਤ ਪਹਿਲਾਂ ਹੀ ਆਸਟ੍ਰੇਲੀਆ ਸਰਕਾਰ ਕੋਲ ਖ਼ਾਲਿਸਤਾਨੀ ਵੱਖਵਾਦੀਆਂ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਹਿੰਦੂ ਮੰਦਰਾਂ ’ਤੇ ਹਮਲੇ ਨੂੰ ਲੈ ਕੇ ਵਿਰੋਧ ਦਰਜ ਕਰਵਾ ਚੁੱਕਾ ਹੈ। ਸਮੇਂ-ਸਮੇਂ ’ਤੇ ਇਸ ਦੇ ਸਬੂਤ ਵੀ ਉਪਲਬਧ ਕਰਵਾਉਂਦਾ ਰਿਹਾ ਹੈ।
ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ 26 ਜਨਵਰੀ ਨੂੰ ਆਸਟ੍ਰੇਲੀਆ ਸਰਕਾਰ ਨੂੰ ਕਿਹਾ ਸੀ ਕਿ ਆਸਟ੍ਰੇਲੀਆ ਅਤੇ ਉਸ ਤੋਂ ਬਾਹਰ ਦੇ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਤੇ ਹੋਰ ਸੰਗਠਨਾਂ ਨਾਲ ਜੁੜੇ ਮੈਂਬਰ ਲਗਾਤਾਰ ਭਾਰਤ ਵਿਰੋਧੀਆਂ ਸਰਗਰਮੀਆਂ ਵਿਚ ਲੱਗੇ ਹਨ। ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਪਿਛਲੇ ਪੰਦਰਾਂ ਦਿਨਾਂ ਵਿਚ ਬਾਪਸ ਦੇ ਸ਼੍ਰੀਸਵਾਮੀਨਾਰਾਇਣ ਮੰਦਰ ਸਣੇ ਤਿੰਨ ਹਿੰਦੂ ਮੰਦਰਾਂ ’ਤੇ ਹਮਲੇ ਹੋਏ, ਉਨ੍ਹਾਂ ਦੀਆਂ ਦੀਵਾਰਾਂ ’ਤੇ ਭਾਰਤ ਵਿਰੋਧੀ ਤੇ ਖ਼ਾਲਿਸਤਾਨ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ ਸਨ।