ਨਵੀਂ ਦਿੱਲੀ: ਚੋਣ ਨਤੀਜਿਆਂ ਤੋਂ ਪਹਿਲਾਂ ‘ਏਬੀਪੀ ਨਿਊਜ਼-ਨੀਲਸਨ’ ਦੇ ਐਗ਼ਜ਼ਿਟ ਪੋਲ ਵਿੱਚ ਬੀਜੇਪੀ ਦੀ ਦੁਬਾਰਾ ਸਰਕਾਰ ਬਣਨ ਦੇ ਅੰਦਾਜ਼ੇ ਮਗਰੋਂ ਹੁਣ ਸਿਆਸੀ ਪਾਰਾ ਚੜ੍ਹ ਗਿਆ ਹੈ। ਜਿੱਥੇ ਭਾਜਪਾ ਜਸ਼ਨ ਮਨਾ ਰਹੀ ਹੈ ਤੇ ਉੱਥੇ ਹੀ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਹਨ। ਕਾਂਗਰਸ ਤੇ ਸਹਿਯੋਗੀਆਂ ਨੂੰ 130 ਜਦਕਿ ਹੋਰਨਾਂ ਨੂੰ 153 ਸੀਟਾਂ ਮਿਲ ਸਕਦੀਆਂ ਹਨ।
ਐਗ਼ਜ਼ਿਟ ਪੋਲ ਦੇ ਨਤੀਜਿਆਂ ਨੂੰ ਝਟਕਾ ਲੱਗਦਾ ਦੇਖ ਵਿਰੋਧੀ ਇੱਕ ਨਵੀਂ ਥਿਓਰੀ ਲੈ ਕੇ ਸਾਹਮਣੇ ਆਇਆ ਹੈ। ਵਿਰੋਧੀਆਂ ਦੇ ਵੱਲੋਂ ਆਸਟ੍ਰੇਲੀਆ ਦੇ ਐਗ਼ਜ਼ਿਟ ਪੋਲ ਦੀ ਗੱਲ ਵੀ ਕਹੀ ਜਾ ਰਹੀ ਹੈ। ਤੁਸੀਂ ਸੋਚ ਰਹੇ ਹੋਵੋਂਗੇ ਇਸ ਵਾਰ ਭਾਰਤ ਦੀਆਂ ਚੋਣਾਂ ਦਰਮਿਆਨ ਅਚਾਨਕ ਆਸਟ੍ਰੇਲੀਆ ਦੇ ਐਗ਼ਜ਼ਿਟ ਪੋਲ ਕਿੱਥੋਂ ਆ ਗਏ। ਦੱਸ ਦੇਈਏ ਕਿ ਬੀਤੇ ਕੱਲ੍ਹ ਅੰਕੜੇ ਸਾਹਮਣੇ ਆਉਣ ਮਗਰੋਂ ਸ਼ਸ਼ੀ ਥਰੂਰ ਨੇ ਵੀ ਆਸਟ੍ਰੇਲੀਆ ਦੇ ਐਗ਼ਜ਼ਿਟ ਪੋਲ ਦਾ ਦਾਅਵਾ ਕੀਤਾ ਸੀ।
ਉਨ੍ਹਾਂ ਟਵਿੱਟਰ ‘ਤੇ ਲਿਖਿਆ, ” ਮੇਰਾ ਮੰਨਣਾ ਹੈ ਕਿ ਸਾਰੇ ਐਗ਼ਜ਼ਿਟ ਪੋਲ ਗ਼ਲਤ ਸਾਬਤ ਹੋਏ ਹਨ। ਪਿਛਲੇ ਹਫ਼ਤੇ ਆਸਟ੍ਰੇਲੀਆ ਵਿੱਚ 56 ਵੱਖ-ਵੱਖ ਐਗ਼ਜ਼ਿਟ ਪੋਲ ਗ਼ਲਤ ਸਾਬਤ ਹੋਏ ਹਨ। ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ਵੋਟ ਪਾਉਣ ਵਾਲਿਆਂ ਨੂੰ ਇਸ ਡਰੋਂ ਸੱਚ ਨਹੀਂ ਦੱਸਦੇ ਕਿ ਸਰਕਾਰ ਤਰਫੋਂ ਨਾ ਹੋਵੇ। ਅਸਲੀ ਨਤੀਜਿਆਂ ਲਈ 23 ਤਾਰੀਖ ਤਕ ਇੰਤਜ਼ਾਰ ਕਰਨਗੇ।”
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਵਿੱਚ ਵੀ ਹਾਲ ਹੀ ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਤਕਰੀਬਨ 50 ਤੋਂ ਵੱਧ ਐਗ਼ਜ਼ਿਟ ਪੋਲ ਫੇਲ੍ਹ ਹੋ ਗਏ ਸਨ। ਇਨ੍ਹਾਂ ਸਾਰੇ ਐਗ਼ਜ਼ਿਟ ਪੋਲ ਵਿੱਚ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਚੋਣ ਨਤੀਜੇ ਇਸ ਦੇ ਬਿਲਕੁਲ ਉਲਟ ਤੇ ਹੈਰਾਨੀ ਭਰੇ ਆਏ।
ਆਸਟ੍ਰੇਲੀਆ ਦੀ ਸੰਸਦ ਵਿੱਚ 151 ਸੀਟਾਂ ਹਨ ਤੇ ਬਹੁਮਤ ਲਈ 76 ਸੀਟਾਂ ਦੀ ਲੋੜ ਹੁੰਦੀ ਹੈ। ਚੋਣ ਨਤੀਜਿਆਂ ਵਿੱਚ ਸੱਤਾਧਾਰੀ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਗਠਜੋੜ ਨੇ ਜ਼ੋਰਦਾਰ ਵਾਪਸੀ ਕੀਤੀ ਹੈ। ਸਕਾਟ ਮਾਰਿਸਨ ਦੇ ਗਠਜੋੜ ਦੇ ਹਿੱਸੇ 74 ਸੀਟਾਂ ਆਈਆਂ ਜਦਕਿ ਲੇਬਰ ਪਾਰਟੀ 66 ਸੀਟਾਂ ‘ਤੇ ਹੀ ਸੁੰਗੜ ਗਈ।