ਆਸਟ੍ਰੇਲੀਅਨ ਓਪਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕ੍ਰੇਗ ਟਿਲੇ ਨੇ ਦੇਰੀ ਨਾਲ ਹੋ ਰਹੇ ਇਸ ਟੈਨਿਸ ਗਰੈਂਡ ਸਲੈਮ ਦੇ ਅੱਠ ਫਰਵਰੀ ਤੋਂ ਸ਼ੁਰੂ ਹੋਣ ਦਾ ਭਰੋਸਾ ਦਿੰਦੇ ਹੋਏ ਖਿਡਾਰੀਆਂ ਨੂੰ ਇੱਥੇ ਪੁੱਜਣ ਤੇ ਕੁਆਰੰਟਾਈਨ ਯੋਜਨਾ ਨੂੰ ਲੈ ਕੇ ਧੀਰਜ ਰੱਖਣ ਲਈ ਕਿਹਾ।
ਦੁਨੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਇਸ ਟੂਰਨਾਮੈਂਟ ਲਈ 15 ਜਨਵਰੀ ਤੋਂ ਮੈਲਬੌਰਨ ਆਉਣ ਲੱਗਣਗੇ ਤੇ ਉਨ੍ਹਾਂ ਨੂੰ 14 ਦਿਨਾਂ ਲਈ ਹੋਟਲ ਵਿਚ ਕੁਆਰੰਟਾਈਨ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਹਾਲਾਂਕਿ ਰੋਜ਼ ਸੀਮਤ ਸਮੇਂ ਲਈ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਵਿਚ ਅਭਿਆਸ ਕਰਨ ਦੀ ਛੋਟ ਹੋਵੇਗੀ। ਯੂਰਪ ਦੇ ਕਈ ਖਿਡਾਰੀਆਂ ਨੇ ਚਾਰਟਰਡ ਜਹਾਜ਼ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ ਸੀ ਜਿਸ ਤੋਂ ਬਾਅਦ ਟਿਲੇ ਨੇ ਇਹ ਜਾਣਕਾਰੀ ਦਿੱਤੀ।
ਆਸਟ੍ਰੇਲੀਅਨ ਓਪਨ ਦੇ ਪ੍ਰਬੰਧਕ ਦੁਬਈ, ਸਿੰਗਾਪੁਰ ਤੇ ਲਾਸ ਏਂਜਲਸ ਤੋਂ 20 ਚਾਰਟਰਡ ਜਹਾਜ਼ਾਂ ਰਾਹੀਂ ਖਿਡਾਰੀਆਂ ਨੂੰ ਮੈਲਬੌਰਨ ਲੈ ਕੇ ਆਉਣਗੇ।
ਆਸਟ੍ਰੇਲੀਆ ਪੁੱਜਣ ਤੋਂ ਪਹਿਲਾਂ ਤੇ ਬਾਅਦ ਹੋਵੇਗਾ ਕੋਰੋਨਾ ਟੈਸਟਟਿਲੇ ਨੇ ਟਵਿੱਟਰ ‘ਤੇ ਲਿਖਿਆ ਕਿ ਖਿਡਾਰੀਆਂ ਲਈ ਉਡਾਣ ਦੇ ਵੇਰਵਿਆਂ ਨੂੰ ਆਖ਼ਰੀ ਰੂਪ ਦੇਣ ਵਿਚ ਜ਼ਰੂਰੀ ਕਾਰਨਾਂ ਕਾਰਨ ਦੇਰੀ ਹੋਈ ਹੈ। ਇਨ੍ਹਾਂ ਨੂੰ ਆਖ਼ਰੀ ਰੂਪ ਦਿੱਤਾ ਜਾ ਰਿਹਾ ਹੈ। ਅਸੀਂ ਤੁਹਾਡੇ ਧੀਰਜ ਦੀ ਸ਼ਲਾਘਾ ਕਰਦੇ ਹਾਂ ਤੇ ਇਸ ਗੱਲ ਤੋਂ ਜਾਣੂ ਹਾਂ ਕਿ ਤੁਹਾਡੇ ਕੋਲ ਬਹੁਤ ਘੱਟ ਸਮਾਂ ਹੈ। ਖਿਡਾਰੀਆਂ ਨੂੰ ਆਸਟ੍ਰੇਲੀਆ ਪੁੱਜਣ ਤੋਂ ਪਹਿਲਾਂ ਤੇ ਪੁੱਜਣ ਤੋਂ ਬਾਅਦ ਕੁਆਰੰਟਾਈਨ ਦੌਰਾਨ ਹਰ ਦਿਨ ਕੋਵਿਡ-19 ਟੈਸਟ ਕਰਵਾਉਣਾ ਪਵੇਗਾ। ਟਿਲੇ ਨੇ ਕਿਹਾ ਕਿ ਜਦ ਉਹ ਇੱਥੇ 14 ਦਿਨ ਦਾ ਕੁਆਰੰਟਾਈਨ ਪੂਰਾ ਕਰ ਲੈਣਗੇ ਤਦ ਉਨ੍ਹਾਂ ਤੋਂ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਨਾ ਨਹੀਂ ਰਹੇਗਾ।