36.39 F
New York, US
December 27, 2024
PreetNama
ਸਮਾਜ/Social

ਆਖ਼ਰ ਗੁਆਚੀਆਂ ਸੁਰਾਂ ਨੂੰ ਕੌਣ ਸੰਭਾਲੇ.!

ਚੜ੍ਹਦੇ ਵੱਲ ਨੂੰ ਇਕ ਛੋਟਾ ਜਿਹਾ ਪਿੰਡ ਵਾਂਦਰ ਡੋਡ, ਜ਼ਿਲ੍ਹਾ ਮੋਗਾ ਵਿੱਚੋਂ ਆਖਰੀ ਪਿੰਡ ਜੋ ਕਿ ਫਰੀਦਕੋਟ ਦੀ ਹੱਦ ਨਾਲ ਲੱਗਦਾ ਹੈ, ਉਸ ਪਿੰਡ ਦੀਆਂ ਗਲੀਆਂ ਵਿੱਚ ਪੱਬ ਰੱਖਦੀ, ਖੁੱਲੀਆਂ ਹਵਾਵਾਂ ਨੂੰ ਕਲਾਵੇ ਵਿੱਚ ਲੈਂਦੀ, ਰਾਤ ਦੀ ਚਾਨਣੀ ਦੇ ਤਾਰਿਆਂ ਨੂੰ ਸਲਾਮ ਕਰਦੀ ਤੇ ਚਿਹਰੇ ਤੇ ਹਮੇਸ਼ਾਂ ਮੁਸਕਰਾਹਟ ਰੱਖਣ ਵਾਲੀ, ਹਮੇਸ਼ਾਂ ਬਾਬਲ ਨਾਲ ਮੁੰਡਿਆਂ ਵਾਂਗ ਕੰਮ ਕਰਨ ਵਾਲੀ ਤੇ ਬਾਪ ਵਾਂਗ ਸਿਰ ਤੇ ਮੰਡਾਸਾ ਮਾਰ ਕੇ, ਬਾਬਲ ਦੀ ਧਿਰ ਬਣਨ ਵਾਲੀ, 1967 ਵਿੱਚ ਸਰਹੱਦਾਂ ਦੀ ਰਾਖੀ ਕਰਦੇ ਹੌਲਦਾਰ ਦਲੀਪ ਸਿੰਘ ਪੁੱਤਰ ਸਰਦਾਰ ਗੁਰਮੁਖ ਸਿੰਘ ਦੀ ਰਾਣੀ ਧੀ ਗੁਰਮੇਲ ਕੌਰ ਦੀ ਪਰਵਰਿਸ਼ ਪੁੱਤਾਂ ਵਾਂਗ ਕੀਤੀ ਗਈ। ਉਸਨੇ ਪਿੰਡ ਦੇ ਹੀ ਸਕੂਲ ਵਿੱਚ ਦਸਵੀਂ ਤੱਕ ਦੀ ਪੜ੍ਹਾਈ ਕਰਨ ਪਿੱਛੋਂ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਐਮ.ਏ., ਫਿਰ ਬੀ.ਐੱਡ, ਐਮ.ਐੱਡ ਤੇ ਯੂ.ਜੀ.ਸੀ (ਨੈੱਟ) ਪੰਜਾਬੀ ਦੀ ਪੜ੍ਹਾਈ ਕੀਤੀ।

ਕਾਲਜ ਪੜ੍ਹਦਿਆਂ ਉਸਨੂੰ ਪ੍ਰਿੰਸੀਪਲ ਮੁਖਤਿਆਰ ਸਿੰਘ, ਪ੍ਰੋ:ਸੁਖਜਿੰਦਰ ਸਿੰਘ, ਪ੍ਰੋ:ਬ੍ਰਹਮਜਗਦੀਸ਼ ਸਿੰਘ, ਪ੍ਰੋ:ਜਲੌਰ ਸਿੰਘ ਖੀਵਾ ਅਤੇ ਪ੍ਰੋ: ਸਾਧੂ ਸਿੰਘ ਵਰਗੇ ਉਸਤਾਦਾਂ ਦੀ ਸ਼ਾਗਿਰਦੀ ਦਾ ਸਬੱਬ ਬਣਿਆ। ਲਾਇਬਰੇਰੀਅਨ ਅਤੇ ਪੱਤਰਕਾਰ ਸ.ਗੁਰਮੀਤ ਸਿੰਘ ਕੋਟਕਪੂਰਾ ਨੇ ਚੰਗੀਆਂ ਕਿਤਾਬਾਂ ਦੀ ਸੇਧ ਦਿੱਤੀ। ਸਕੂਲੀ ਪੜ੍ਹਾਈ ਦੌਰਾਨ ਗੁਰਮੇਲ ਕੌਰ ਨੇ ਜਮਾਤ ਵਿੱਚ ਬੈਠਿਆਂ ਇੱਕ ਔਰਤ ਤੇ ਗੀਤ ਲਿਖਿਆ ਤਾਂ ਉਸਦੇ ਅਧਿਆਪਕ ਸ: ਬਲਦੇਵ ਸਿੰਘ ਬੰਬੀਹਾ ਨੇ ਉਸਦੀ ਅੰਦਰਲੀ ਕਲਾ ਨੂੰ ਪਹਿਚਾਣਿਆ ਅਤੇ ਉਸਨੂੰ ਲਿਖਣ ਲਈ ਹੋਰ ਉਤਸ਼ਾਹਿਤ ਕੀਤਾ। ਗੀਤਾਂ ਦੀ ਤੁਕਬੰਦੀ ਉਹ ਝਬਦੇ ਹੀ ਕਰ ਲੈਂਦੀ। ਉਸਦਾ ਪਹਿਲਾ ਗੀਤ ਕਾਲਜ ਪੜ੍ਹਦਿਆਂ ਮਕਬੂਲ ਹੋਇਆ ਤੇ ਫਿਰ ਉਸਨੇ ਕਈ ਮੁਕਾਬਲਿਆਂ ਵਿੱਚ ਇਨਾਮ ਵੀ ਪ੍ਰਾਪਤ ਕੀਤੇ। ਉਸ ਦਾ ਗੀਤ, ”ਬਾਬਲ ਵਿਹੜੇ ਫਿਰਦੀ ਦੇ, ਮੇਰੇ ਮਨ ਵਿੱਚ ਉੱਠਿਆ ਸੀ ਚਾਅ। ਮਾਏ ਨੀ ਮੈਂ ਵਣਜਾਰਾ ਸੱਦਿਆ, ਮੈਨੂੰ ਚੂੜੀਆਂ ਦੇ ਨੀ ਚੜ੍ਹਾ, ਇਹੋ ਧੀਆਂ ਧਿਆਣੀਆਂ ਦੇ ਚਾਅ”। ਉਸ ਦੀ ਸਾਹਿਤਕ ਚੇਟਕ ਪ੍ਰਬਲ ਹੁੰਦੀ ਗਈ।

ਉਹ ਕਾਲਜ ਦੇ ਮੈਗਜ਼ੀਨ ਦੀ ਸੰਪਾਦਕਾ ਬਣੀ। ਕਾਲਜ ਦੀ ਸਭ ਤੋਂ ਵਧੀਆ ਵਲੰਟੀਅਰ, ਮਿਸ ਐਮ.ਏ.ਤੇ ਹੋਰ ਅਨੇਕਾਂ ਗਤੀਵਿਧੀਆਂ ਵਿੱਚ ਉਹ ਮੋਹਰੀ ਰਹਿੰਦੀ ਤੇ ਇਨਾਮ ਪ੍ਰਾਪਤ ਕਰਦੀ। ਫਿਰ ਉਹ ਸ਼ਾਇਰ ਧਰਮ ਕੰਮੇਆਣਾ ਅਤੇ ਨਵਰਾਹੀ ਘੁਗਿਆਣਵੀ ਜੀ ਤੋਂ ਸਾਹਿਤ ਸਬੰਧੀ ਸੇਧ ਲੈਂਦੀ ਰਹੀ। ”ਸਾਹਿਤ ਸੁਗੰਧ” ਮੈਗਜ਼ੀਨ ਵਿੱਚ ਉਸਦੀਆਂ ਰਰਨਾਵਾਂ ਨੂੰ ਥਾਂ ਮਿਲੀ। ਇਕ ਨਿੱਜੀ ਰੇਡੀਓ ਚੈਨਲ ਦੇ ਪ੍ਰੋਗਰਾਮਰ ਸਿੱਧੂ ਦਾ ਕਹਿਣਾ ਹੈ ਕਿ ਗੁਰਮੇਲ ਕੌਰ ਨਾਲ ਗੱਲਬਾਤ ਦੌਰਾਨ ਉਹਨਾਂ ਦਾ ਪ੍ਰੋਗਰਾਮ  ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਸ ਦੇ ਲਿਖੇ ਗੀਤ ਦਰਸ਼ਨਜੀਤ ਸਿੰਘ (ਵਾਈਸ ਆਫ ਪੰਜਾਬ), ਗੋਪੀ ਸਿੰਘ, ਜਸਵੰਤ ਧੀਮਾਨ, ਹਰਜੀਤ ਜੀਤੀ, ਸੁਰਜੀਤ ਗਿੱਲ ਤੇ ਸਾਬਰ ਖਾਨ ਵੱਲੋਂ ਦੂਰਦਰਸ਼ਨ ਦੇ ਵੱਖ-ਵੱਖ ਟੈਲੀਵਿਜ਼ਨ ਪ੍ਰੋਗਰਾਮਾਂ ਜਿਵੇਂ-ਸੁਰਤਾਲ, ਖਿੜਕੀ, ਮੇਲਾ ਮੇਲੀਆਂ ਦਾ ਆਦਿ ਤੇ ਪੇਸ਼ ਕੀਤੇ ਜਾਂਦੇ ਰਹੇ ਹਨ। ਉਹ ਹੁਣ ਤੱਕ 60 ਦੇ ਕਰੀਬ ਗੀਤ ਲਿਖ ਚੁੱਕੀ ਹੈ। ਗੁਰਮੇਲ ਕੌਰ ਦੇ ਗੀਤਾਂ ਦਾ ਇਕ ਵਧੀਆ ਪੱਖ ਇਹ ਹੈ ਕਿ ਉਸਨੇ ਹਮੇਸ਼ਾਂ ਸੱਭਿਆਚਾਰਕ ਤੇ ਪਰਿਵਾਰਕ ਗੀਤ ਹੀ ਲਿਖੇ ਹਨ।

ਨਮੂਨੇ ਵਜੋਂ ਉਸਦੇ ਕੁਝ ਗੀਤ ਦੇਖੋ : ”ਤੇਰੇ ਵਿਹੜੇ ਵਿੱਚ ਗੁਆਚਾ ਨੀ ਮਾਂ ਮੇਰਾ ਬਚਪਨ ਮੋੜ ਦੇ”,, ”ਤੈਨੂੰ ਰੱਬ ਆਖਾਂ ਕੇ ਯਾਰ ਨੀ ਮਾਂ ਮੈਨੂੰ ਸਮਝ ਨਾ ਆਉਂਦੀ ਏ” ,, ”ਕੋਠੇ ਤੇ ਕਾਂ ਬੋਲੇ, ਚਿੱਠੀ ਆਈ ਸੱਜਣਾਂ ਦੀ ਵਿੱਚ ਮੇਰਾ ਨਾਂ ਬੋਲੇ, ਖੂਹੇ ਤੇ ਆ ਮਾਹੀਆ, ਵੇ ਨਾਲੇ ਮੇਰੀ ਗੱਲ ਸੁਣ ਜਾ ਵੇ ਨਾਲੇ ਘੜਾ ਦੇ ਚਕਾ ਮਾਹੀਆ”, ”ਪੁੱਤ ਜੰਮੇ ਤਾਂ ਵੰਡੇਂ ਸੀਰੀ, ਵੇ ਮੈਂ ਧੀ ਬਣੀ ਲਾਹਨਤ ਜੱਗ ਦੀ। ਸ਼ਮੈਂ ਜੰਮੀ ਹੰਝੂ ਕੇਰ ਨਾ ਬਾਬਲਾ..ਬਾਬਲਾ ਮੈ ਹੋਈ ਮੁਟਿਆਰ। ਤੇ ਇਹਨੀਂ ਦਿਨੀਂ ਉਸਦਾ ਸਭ ਤੋਂ ਵੱਧ ਸਲਾਹਿਆ ਗਿਆ ਗੀਤ, ”ਇਕ ਫੋਟੋ ਵੱਟਸਐਪ ਤੇ, ਨੀ ਮਾਂ ਮੇਰੇ ਪਿੰਡ ਦੀ ਪਾ ਦੇ”। ਉਹ ਆਪਣੇ ਲਿਖੇ ਗੀਤਾਂ ਨੂੰ ਤਰੱਨੁੰਮ ਵਿੱਚ ਗਾਉਂਦੀ ਵੀ ਹੈ।ਉਸਨੇ ਸੱਭਿਆਚਾਰ ਦੀ ਪੇਸ਼ਕਾਰੀ ਕਰਦੇ ਕੁਝ ਆਰਟੀਕਲ ਵੀ ਲਿਖੇ।ਪਰ ਪਰਿਵਾਰਕ ਰੁਝੇਵਿਆਂ ਅਤੇ ਪ੍ਰਿੰਸੀਪਲ ਦੇ ਜ਼ਿੰਮੇਵਾਰੀ ਵਾਲੇ ਅਹੁਦੇ ਕਾਰਨ ਉਸਦੀ ਕਲਮ ਲੰਬੇ ਸਮੇਂ ਤੋਂ ਕਿਤੇ ਗੁਆਚ ਜਿਹੀ ਗਈ ਹੈ।ਜਿਸ ਤਰ੍ਹਾਂ ਕਿ ਬਹੁਤੀਆਂ ਔਰਤਾਂ ਨਾਲ ਵਾਪਰਦਾ ਹੈ। ਦਿਲ ਵਿੱਚ ਇਕ ਇਹ ਚੀਸ ਵੀ ਹੈ ਕਿ ਔਰਤਾਂ ਨੂੰ ਗੀਤਕਾਰੀ ਦੇ ਖੇਤਰ ਵਿੱਚ ਕੋਈ ਬਹੁਤਾ ਚੰਗਾ ਤੇ ਹਾਂ-ਪੱਖੀ ਹੁੰਗਾਰਾ ਨਹੀਂ ਮਿਲਦਾ।ਪਰਿਵਾਰ ਚਾਹੇ ਸਾਥ ਵੀ ਦੇਵੇ ਤਾਂ ਵੀ ਉਹ ਸਮਾਜ ਤੋਂ ਝਿਜਕਦੀਆਂ ਰਹਿੰਦੀਆਂ ਹਨ।

ਉਸਦੇ ਜੀਵਨ ਸਾਥੀ ਪ੍ਰਿੰਸੀਪਲ ਤਜਿੰਦਰ ਸਿੰਘ ਨੇ ਜ਼ਿੰਦਗੀ ਦੇ ਹਰ ਮੋੜ ਤੇ ਅਤੇ ਹਰ ਬਿਖੜੇ ਰਾਹਾਂ ਵਿੱਚ ਉਸਦਾ ਭਰਪੂਰ ਸਾਥ ਦਿੱਤਾ ਹੈ।ਅੱਜ ਕੱਲ੍ਹ ਉਹ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਧੀਆਂ ਗੁਰਤੇਜਪ੍ਰੀਤ ਕੌਰ ਅਤੇ ਬਲਨੂਰਜੋਤ ਕੌਰ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਰਾਹੀਂ ਆਪਣੇ ਚਾਅ ਪੂਰੇ ਹੁੰਦੇ ਦੇਖ ਰਹੀ ਹੈ।ਮੇਰੇ ਵੱਲੋਂ ਗੁਰਮੇਲ ਕੌਰ ਜੀ ਨੂੰ ਆਪਣੀਆਂ ਰਚਨਾਵਾਂ ਨੂੰ ਇਕ ਕਿਤਾਬ ਦੇ ਰੂਪ ਵਿੱਚ ਸੰਭਾਲਣ ਦੀ ਸਲਾਹ ਦਿੱਤੀ ਗਈ ਹੈ। ਉਮੀਦ ਹੈ ਕਿ ਇਹ ਸਾਂਵਲੀ ਜਿਹੀ ,ਖਿੜੇ ਮੱਥੇ ਸਭ ਨੂੰ ਮਿਲਣ ਵਾਲੀ ਤੇ ਸਾਦਗੀ ਭਰੇ ਜੀਵਨ ਵਾਲੀ ਇਹ ਸ਼ਖਸੀਅਤ ਚਾਨਣ-ਮੁਨਾਰਾ ਬਣ ਕੇ ਹੋਰਾਂ ਦੀ ਜ਼ਿੰਦਗੀ ਵਿੱਚ ਵੀ ਚਾਨਣ ਭਰੇਗੀ।

ਲੇਖਿਕਾ: – ਪਰਮਜੀਤ ਕੌਰ ਸਰਾਂ, ਕੋਟਕਪੂਰਾ
ਫੋਨ-95010 -27688

Related posts

ਬੇ-ਜੋੜ ਰਿਸ਼ਤਿਆਂ ਦਾ ਹਸ਼ਰ…

Pritpal Kaur

ਚੰਡੀਗੜ੍ਹ ਦੇ Elante ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫੋਰਸ ਤਾਇਨਾਤ

On Punjab

ਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕ

On Punjab