ਭਾਰਤੀ ਫੁੱਟਬਾਲ ਟੀਮ ਇਸ ਵੇਲੇ ਕਤਰ ਵਿਚ ਫੀਫਾ ਵਰਲਡ ਕੱਪ ਕੁਆਲੀਫਾਇਰ ਤੇ ਏਸ਼ੀਅਨ ਕੁਆਲੀਫਾਇਰ ਦੀਆਂ ਤਿਆਰੀਆਂ ਕਰ ਰਹੀ ਹੈ । ਭਾਰਤ (105) ਨੇ ਕਤਰ (58) ਨਾਲ 3 ਜੂਨ, ਬੰਗਲਾਦੇਸ਼ (184) ਨਾਲ 7 ਜੂਨ ਤੇ ਅਫ਼ਗਾਨਿਸਤਾਨ (149) ਨਾਲ 15 ਜੂਨ ਨੂੰ ਮੈਚ ਖੇਡਣਾ ਹੈ। 1998 ਵਰਲਡ ਕੱਪ ਸੈਮੀਫਾਈਨਲਸਟ ਟੀਮ ਦੇ ਡਿਫੈਂਡਰ ਰਹੇ ਭਾਰਤੀ ਟੀਮ ਦੇ ਕੋਚ ਇਗੋਰ ਸਟੀਮੈਕ ਨੇ ਵਿਸ਼ਵਾਸ ਦਿਵਾਇਆ ਹੈ ਕਿ ਟੀਮ ਕਤਰ ਵਿਚ ਵਧੀਆ ਪ੍ਦਰਸ਼ਨ ਕਰੇਗੀ। ਹਾਲਾਂਕਿ ਕੁਝ ਖੇਡ ਮਾਹਰ ਸਟੀਮੈਕ ਦੀ ਗੱਲ ਨਾਲ ਇਤਫ਼ਾਕ ਨਹੀਂ ਰੱਖਦੇ। ਦੱਸ ਦੇਈਏ ਕਿ ਇਗੋਰ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ 12 ਮੈਚਾਂ ਵਿੱਚੋਂ ਸਿਰਫ਼ ਇਕ ਮੈਚ ਜਿੱਤਿਆ, 5 ਡਰਾਅ ਅਤੇ 6 ਮੈਚ ਹਾਰੇ ਹਨ। ਸਟੀਮੈਕ ਦਾ ਕਹਿਣਾ ਹੈ ਕਿ ਉਹ ਭਾਰਤੀ ਫੁੱਟਬਾਲ ਦੀ ਡਿਫੈਂਸਿਵ ਸ਼ੈਲੀ ਨੂੰ ਬਦਲ ਕੇ ਪੁਜੀਸ਼ਨ ਬੇਸਡ ਸ਼ੈਲੀ ਅਪਣਾ ਰਹੇ ਹਨ, ਜਿਸ ਕਾਰਨ ਟੀਮ ਦੇ ਨਤੀਜੇ ਚੰਗੇ ਨਹੀਂ ਆ ਰਹੇ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਗਲੇ 4 ਸਾਲਾਂ ਵਿਚ ਭਾਰਤੀ ਟੀਮ ਏਸ਼ੀਆ ਦੀਆਂ ਟਾਪ ਟੀਮਾਂ ’ਚ ਸ਼ੁਮਾਰ ਹੋਵੇਗੀ ।ਹੁਣ ਤਕ ਦੇ ਫੀਫਾ ਕੁਆਲੀਫਾਇਰਸ ’ਤੇ ਨਜ਼ਰ ਮਾਰੀਏ ਤਾਂ ਭਾਰਤੀ ਟੀਮ ਨੇ 5 ਮੈਚਾਂ ’ਚੋਂ 3 ਡਰਾਅ ਤੇ 2 ਹਾਰੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਰਤੀ ਟੀਮ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਰਗੀਆਂ ਟੀਮਾਂ ਨੂੰ ਹਰਾਉਣ ’ਚ ਨਾਕਾਮ ਰਹੀ ਹੈ, ਜੋ ਕਿ ਰੈਂਕਿੰਗ ’ਚ ਬਹੁਤ ਪਿੱਛੇ ਹਨ। ਬੰਗਲਾਦੇਸ਼ ਨਾਲ ਕੋਲਕਾਤਾ ’ਚ ਹੋਏ ਮੈਚ ਵਿਚ ਤਾਂ ਭਾਰਤ 60 ਹਜ਼ਾਰ ਘਰੇਲੂ ਦਰਸ਼ਕਾਂ ਸਾਹਮਣੇ ਹਾਰਦੇ – ਹਾਰਦੇ ਬਚਿਆ । ਇਸ ਮਾੜੇ ਪ੍ਰਦਰਸ਼ਨ ਦੀ ਮਾਹਿਰਾਂ ਵੱਲੋਂ ਬਹੁਤ ਆਲੋਚਨਾ ਕੀਤੀ ਗਈ ਅਤੇ ਕੁਝ ਮਾਹਰਾਂ ਨੇ ਤਾਂ ਇਸ ਟੀਮ ਨੂੰ ਭਾਰਤ ਦੀ ਹੁਣ ਤਕ ਦੀ ਸਭ ਤੋਂ ਮਾੜੀ ਟੀਮ ਵੀ ਕਰਾਰ ਦਿੱਤਾ।