ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਬੰਧਾਂ ‘ਚ ਇਕ ਵੱਡਾ ਮੋੜ ਆਇਆ ਹੈ। ਦੋਵਾਂ ਦੇਸ਼ਾਂ ‘ਚ ਰਿਸ਼ਤਿਆਂ ਨੂੰ ਠੀਕ ਕਰਨ ਲਈ ਸਹਿਮਤੀ ਬਣ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕਰਕੇ ਇਸ ਇਤਿਹਾਸਕ ਸਮਝੌਤੇ ਦਾ ਐਲਾਨ ਕੀਤਾ ਹੈ।
ਟਰੰਪ ਨੇ ਓਵਲ ਦਫ਼ਤਰ ਨੂੰ ਕਿਹਾ ’49 ਸਾਲ ਬਾਅਦ ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਆਪਣੇ ਸਿਆਸੀ ਸਬੰਧ ਆਮ ਵਾਂਗ ਬਣਾਉਣਗੇ।’ ਟਰੰਪ ਨੇ ਅੱਗੇ ਕਿਹਾ, ‘ਉਹ ਆਪਣੇ ਦੂਤਾਵਾਸਾਂ ਅਤੇ ਰਾਜਦੂਤਾਂ ਦਾ ਆਦਾਨ-ਪ੍ਰਦਾਨ ਕਰਨਗੇ ਤੇ ਵੱਖ-ਵੱਖ ਖੇਤਰਾਂ ‘ਚ ਸਹਿਯੋਗ ਸ਼ੁਰੂ ਕਰਨਗੇ। ਜਿੰਨ੍ਹਾਂ ‘ਚ ਸੈਰ ਸਪਾਟਾ, ਸਿੱਖਿਆ, ਸਿਹਤ, ਦੇਖਭਾਲ, ਵਪਾਰ ਅਤੇ ਸੁਰੱਖਿਆ ਸ਼ਾਮਲ ਹੈ।
ਉਨ੍ਹਾਂ ਕਿਹਾ ਹੁਣ ਸ਼ੁਰੂਆਤ ਹੋ ਗਈ ਹੈ, ਮੈਂ ਉਮੀਦ ਕਰਦਾ ਹਾਂ ਕਿ ਹੋਰ ਅਰਬ ਤੇ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ ਦੇ ਰਾਹ ‘ਤੇ ਚੱਲਣਗੇ। ਇਸ ਸਮਝੌਤੇ ਦੇ ਨਾਲ ਹੀ ਯੂਏਈ ਪਹਿਲਾ ਖਾੜੀ ਦਾ ਅਰਬ ਦੇਸ਼ ਬਣ ਗਿਆ ਹੈ ਜਿਸ ਨੇ ਇਜ਼ਰਾਇਲ ਦੇ ਨਾਲ ਸਮਝੌਤਾ ਕੀਤਾ ਹੈ।
ਇਸ ਤੋਂ ਪਹਿਲਾਂ ਖਾੜੀ ਤੋਂ ਵੱਖ ਦੋ ਅਰਬ ਦੇਸ਼ਾਂ ਮਿਸਰ ਅਤੇ ਜੌਰਡਰਨ ਨੇ ਇਜ਼ਰਾਇਲ ਨਾਲ ਰਾਜਨਾਇਕ ਸਬੰਧ ਸਥਾਪਿਤ ਕੀਤੇ ਸਨ। ਇਜ਼ਰਾਇਲ ਅਤੇ ਮਿਸਰ ‘ਚ 1979 ‘ਚ ਅਤੇ ਜੌਰਡਰਨ ਅਤੇ ਇਜ਼ਰਾਇਲ ‘ਚ 1994 ‘ਚ ਸਮਝੌਤਾ ਹੋ ਚੁੱਕਾ ਹੈ
ਇਸ ਸਮਝੌਤੇ ਤੋਂ ਬਾਅਦ ਇਜ਼ਰਾਇਲ ਨੇ ਵੈਸਟ ਬੈਂਕ ਇਲਾਕੇ ‘ਚ ਕਬਜ਼ਾ ਕਰਨ ਦੀ ਯੋਜਨਾ ਟਾਲ ਦਿੱਤੀ ਹੈ। ਅਮਰੀਕਾ, ਇਜ਼ਰਾਇਲ ਅਤੇ ਯੂਏਈ ਵੱਲੋਂ ਜਾਰੀ ਕੀਤੇ ਗਏ ਸੰਯੁਕਤ ਬਿਆਨ ਮੁਤਾਬਕ ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਪ੍ਰਤੀਨਿਧੀਮੰਡਲ ਆਉਣ ਵਾਲੇ ਹਫ਼ਤਿਆਂ ‘ਚ ਕਈ ਦੋ-ਪੱਖੀ ਸਮਝੌਤਿਆਂ ‘ਤੇ ਹਸਤਾਖਰ ਕਰਨਗੇ। ਜਿੰਨਾਂ ‘ਚ ਨਿਵੇਸ਼, ਸੈਰ ਸਪਾਟਾ, ਸਿੱਧੀ ਉਡਾਣ, ਸੁਰੱਖਿਆ, ਦੂਰਸੰਚਾਰ ਅਤੇ ਹੋਰ ਮੁੱਦੇ ਸ਼ਾਮਲ ਹੋਣਗੇ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ-ਯੂਏਈ-ਇਜ਼ਰਾਇਲ ਵੱਲੋਂ ਜਾਰੀ ਇਸ ਸੰਯੁਕਤ ਬਿਆਨ ਨੂੰ ਵੀ ਟਵੀਟ ਕੀਤਾ ਹੈ।