ਗਾਜ਼ਾ ਪੱਟੀ- ਗਾਜ਼ਾ ਪੱਟੀ ਵਿੱਚ ਜੰਗਬੰਦੀ ਦਾ ਪਹਿਲਾ ਪੜਾਅ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ, ਹਮਾਸ ਨੇ ਇਜ਼ਰਾਈਲ ਵੱਲੋਂ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਵੀਰਵਾਰ ਤੜਕੇ ਚਾਰ ਬੰਦੀਆਂ ਦੀਆਂ ਲਾਸ਼ਾਂ ਰੈੱਡ ਕਰਾਸ ਹਵਾਲੇ ਕਰ ਦਿੱਤੀਆਂ ਹਨ। ਇਜ਼ਰਾਇਲੀ ਸੁਰੱਖਿਆ ਅਧਿਕਾਰੀਆਂ ਨੇ ਬੰਦੀਆਂ ਦੀਆਂ ਮ੍ਰਿਤਕ ਦੇਹਾਂ ਰੈੱਡ ਕਰਾਸ ਨੂੰ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਨੇ ਕਿਹਾ ਕਿ ਮ੍ਰਿਤਕ ਦੇਹਾਂ ਵਾਲੇ ਤਾਬੂਤ ਮਿਸਰੀ ਵਿਚੋਲਿਆਂ ਦੀ ਮਦਦ ਨਾਲ ਇਜ਼ਰਾਈਲੀ ਲਾਂਘੇ ਰਾਹੀਂ ਪਹੁੰਚਾਏ ਗਏ ਸਨ ਅਤੇ ਪਛਾਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ।
ਰੈੱਡ ਕਰਾਸ ਦਾ ਇੱਕ ਕਾਫ਼ਲਾ ਕਰੀਬ ਉਸੇ ਵੇਲੇ ਕਈ ਦਰਜਨ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਜ਼ਰਾਈਲ ਦੀ ਓਫਰ ਜੇਲ੍ਹ ਤੋਂ ਰਵਾਨਾ ਹੋਇਆ। ਵੈਸਟ ਬੈਂਕ ਦੇ ਸ਼ਹਿਰ ਬੇਟੂਨੀਆ ਵਿੱਚ ਖੁਸ਼ੀ ਮਨਾਉਂਦੇ ਪਰਿਵਾਰਾਂ, ਦੋਸਤਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਰਿਹਾਅ ਕੈਦੀਆਂ ਨੂੰ ਵਧਾਈਆਂ ਦਿੱਤੀਆਂ, ਉਨ੍ਹਾਂ ਨੂੰ ਗਲਵੱਕੜੀ ਵਿਚ ਲਿਆ ਤੇ ਤਸਵੀਰਾਂ ਖਿਚਵਾਈਆਂ। ਹਮਾਇਤੀਆਂ ਦੇ ਮੋਡਿਆਂ ’ਤੇ ਚੜ੍ਹੇ ਰਿਹਾਅ ਕੀਤੇ ਵਿਅਕਤੀ ਨੇ ਜੇਤੂ ਨਿਸ਼ਾਨਾ ਬਣਾਇਆ। ਲੋਕਾਂ ਨੇ ‘ਰੱਬ ਮਹਾਨ ਹੈ’ ਦੇ ਨਾਅਰੇ ਲਾਏ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ 7 ਅਕਤੂਬਰ, 2023 ਦੇ ਹਮਲਿਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਨ੍ਹਾਂ ’ਤੇ ਕਦੇ ਵੀ ਦੋਸ਼ ਨਹੀਂ ਲਗਾਏ ਗਏ ਸਨ।
ਇਸ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਮਾਸ ਵੱਲੋਂ ਪਹਿਲਾਂ ਰਿਹਾਅ ਕੀਤੇ ਇਜ਼ਰਾਇਲੀ ਬੰਦੀਆਂ ਦੇ ਉਲਟ ਬੰਧਕਾਂ ਦੀਆਂ ਲਾਸ਼ਾਂ ਦੀ ਸਪੁਰਦਗੀ ਬਿਨਾਂ ਕਿਸੇ ਰਸਮ ਦੇ ਕੀਤੀ ਜਾਵੇਗੀ। ਇਸ ਦੌਰਾਨ ਨਾ ਕੋਈ ਹਜੂਮ ਹੋਵੇਗਾ ਤੇ ਨਾ ਕਿਸੇ ਤਰ੍ਹਾਂ ਦੀ ਸਟੇਜ ਲੱਗੇਗੀ। ਇਜ਼ਰਾਈਲ, ਰੈੱਡ ਕਰਾਸ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਬੰਦੀਆਂ ਦੀ ਰਿਹਾਈ ਮੌਕੇ ਸਟੇਜਾਂ ਲਾਉਣ ਨੂੰ ਅਪਮਾਨਜਨਕ ਕਿਹਾ ਸੀ।