ਕੋਰੋਨਾ ਮਹਾਮਾਰੀ ਰੋਕਣ ਲਈ ਭਾਵੇਂ ਸਾਰੀ ਦੁਨੀਆ ’ਚ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ ਪਰ ਹਾਲੇ ਵੀ ਇਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਨੇ ਕੌਮਾਂਤਰੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਜੇ ਗੱਲ ਕਰੀਏ ਇਟਲੀ ਦੀ ਤਾਂ ਇਥੇ ਮਹਾਮਾਰੀ ਨੂੰ ਥੋੜ੍ਹੀ ਠੱਲ੍ਹ ਪਈ ਪਰ ਅਜੇ ਵੀ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਇਟਲੀ ਸਰਕਾਰ ਨੇ ਇਕ ਨਵਾਂ ਐਲਾਨ ਕੀਤਾ ਹੈ ਜਿਸ ’ਚ ਯੂਰਪੀਅਨ ਭਾਈਵਾਲ ਵਾਲੇ ਦੇਸ਼ਾਂ ਸਮੇਤ ਇੰਗਲੈਂਡ ਤੇ ਇਜ਼ਰਾਈਲ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਨੂੰ ਹੁਣ ਇਕਾਂਤਵਾਸ ਨਹੀਂ ਹੋਣਾ ਪਾਵੇਗਾ।ਸਥਾਨਕ ਮੀਡੀਆ ਅਨੁਸਾਰ ਇਟਲੀ ਦੇ ਸਿਹਤ ਮੰਤਰੀ ਰੌਬੇਰਤੋ ਸੰਪਰੈਂਜਾ ਨੇ ਇਕ ਨਵੇਂ ਆਰਡੀਨੈਂਸ ’ਤੇ ਮੋਹਰ ਲਾ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਹੁਣ ਇਕਾਂਤਵਾਸ ’ਚ ਨਹੀਂ ਰਹਿਣਗੇ ਪਰ ਸ਼ਰਤ ਵੀ ਰੱਖੀ ਗਈ ਹੈ ਕਿ ਜਿਹੜੇ ਯਾਤਰੀ ਇਟਲੀ ਸੈਰ-ਸਪਾਟੇ ਲਈ ਆਉਣਗੇ ਉਨ੍ਹਾਂ ਦੀ ਵੈਕਸੀਨੇਸ਼ਨ ਹੋਣੀ ਲਾਜ਼ਮੀ ਹੈ। ਵੈਕਸੀਨੇਸ਼ਨ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ। ਇਟਲੀ ਦਾਖ਼ਲ ਹੋਣ ਤੋਂ 48 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਤੋਂ ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ਨੂੰ ਸੈਰ-ਸਪਾਟੇ ਤੋਂ ਹੋਣ ਵਾਲੀ ਆਮਦਨ ਨਾ ਹੋਣ ਕਰ ਕੇ ਘਾਟਾ ਸਹਿਣਾ ਪੈ ਰਿਹਾ ਹੈ। ਇਟਲੀ ਨੇ ਵੀ ਕਾਫੀ ਆਰਥਿਕ ਘਾਟਾ ਖਾਧਾ ਹੈ। ਹੁਣ ਸ਼ਾਇਦ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਆਰਥਿਕ ਘਾਟੇ ’ਚੋਂ ਨਿਕਲਣ ਲਈ ਸੈਲਾਨੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਜਾਣ।