ਨਵੀਂ ਦਿੱਲੀ- ਦਿੱਲੀ ਦੇ ਰੋਹਣੀ ਵਿੱਚ ਇੱਕ 17 ਸਾਲਾ ਲੜਕੇ ਨੇ ਇਮਤਿਹਾਨ ਦੇਣ ਤੋਂ ਬਚਣ ਲਈ ਘਰੋਂ ਭੱਜਣ ਦਾ ਫੈਸਲਾ ਕੀਤਾ ਅਤੇ 2,000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਿਸੇ ਉਸਾਰੀ ਵਾਲੀ ਜਗ੍ਹਾ ’ਤੇ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਝੁੱਗੀ ਵਿੱਚ ਰਹਿਣ ਲੱਗਾ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ 21 ਫਰਵਰੀ ਨੂੰ ਬੁੱਧ ਵਿਹਾਰ ਥਾਣੇ ਵਿੱਚ ਬੱਚੇ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਉਪ ਕਮੀਸ਼ਨਰ (ਅਪਰਾਧ) ਵਿਕਰਮ ਸਿੰਘ ਨੇ ਦੱਸਿਆ, ‘‘ਲੜਕਾ ਕਨਾਟ ਪਲੇਸ ਸਥਿਤ ਇੱਕ ਪ੍ਰਸਿੱਧ ਸਕੂਲ ਦੀ 11ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਪੜ੍ਹਾਈ ਵਿੱਚ ਉਸਦੀ ਬਿਲਕੁਲ ਰੁਚੀ ਨਹੀਂ ਸੀ।’’ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਆਪਣੀ ਸਾਲਾਨਾ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਸੀ। 21 ਫਰਵਰੀ ਨੂੰ ਉਹ ਘਰ ਤੋਂ ਨਿਕਲਿਆ ਅਤੇ ਆਪਣੇ ਪਿਤਾ ਨੂੰ ਸੁਨੇਹਾ ਭੇਜਿਆ ਕਿ ਉਹ ਘਰ ਛੱਡ ਰਿਹਾ ਹੈ, ਕੋਈ ਉਸਦੀ ਤਲਾਸ਼ ਨਾ ਕਰੇ।
ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੜਕੇ ਦੀ ਤਲਾਸ਼ ਲਈ ਕਈ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਡਨੈਪਿੰਗ ਦੇ ਪਹਿਲੂ ਨੂੰ ਜਾਣਨ ਲਈ ਕਈ ਸਰੋਤਾਂ ਨੂੰ ਸਰਗਰਮ ਕੀਤਾ ਗਿਆ। ਜਾਣਕਾਰੀ ਅਨੁਸਾਰ ਲੜਕਾ ਦਿੱਲੀ ਤੋਂ ਬੰਗਲੂਰੂ ਚਲਾ ਗਿਆ ਅਤੇ ਉੱਥੇ ਇੱਕ ਉਸਾਰੀ ਅਧੀਨ ਇਮਾਰਤ ਵਿਚ ਮਜ਼ਦੂਰੀ ਕਰਨ ਲੱਗਾ। ਗੁੰਮਸ਼ੁਦਗੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਤਮਿਲਨਾਡੂ ਦੇ ਕ੍ਰਿਸ਼ਨਾਗਿਰੀ ਖੇਤਰ (ਕਰਨਾਟਕ-ਤਾਮਿਲਨਾਡੂ ਸੀਮਾ ਨੇੜੇ) ਤੋਂ ਲੜਕੇ ਨੂੰ ਫੜਿਆ ਗਿਆ।
ਅਧਿਕਾਰੀ ਨੇ ਦੱਸਿਆ, ’’ਨਾਬਾਲਗ ਨੇ ਬੰਗਲੂਰੂ ਵਿੱਚ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਸੀ ਅਤੇ ਟਰੇਨ ਰਾਹੀਂ ਉੱਥੇ ਪਹੁੰਚਿਆ ਸੀ। ਡੀਸੀਪੀ ਨੇ ਦੱਸਿਆ ਕਿ ਜਦੋਂ ਟੀਮ ਨੇ ਉਸਨੂੰ ਲੱਭਿਆ ਤਾਂ ਉਹ ਇੱਕ ਝੁੱਗੀ ਵਿੱਚ ਰਹਿ ਰਿਹਾ ਸੀ।’’