ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਹਨ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਪਰ ਭਾਰਤ ਰੂਸ ਤੋਂ ਤੇਲ ਦੀ ਦਰਾਮਦ ਜਾਰੀ ਰੱਖਦਾ ਹੈ। ਜਿਸ ਬਾਰੇ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੇ ਇਹ ਫੈਸਲਾ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਲਿਆ ਹੈ।
ਲਾਹੌਰ ‘ਚ ਇਕ ਜਨ ਸਭਾ ‘ਚ ਬੋਲਦਿਆਂ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਰਣਨੀਤਕ ਭਾਈਵਾਲ ਹੈ, ਪਰ ਉਹ ਰੂਸ ਤੋਂ ਤੇਲ ਦੀ ਦਰਾਮਦ ਕਰ ਰਿਹਾ ਹੈ। ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਉਸ ਦਾ ਇਹ ਫੈਸਲਾ ਲੋਕਾਂ ਦੀ ਬਿਹਤਰੀ ‘ਤੇ ਆਧਾਰਿਤ ਹੈ। ਪਰ ਸਾਡੀ ਵਿਦੇਸ਼ ਨੀਤੀ ਲਈ ਦੂਜੇ ਲੋਕਾਂ ਦੇ ਹਿੱਤ ਮਹੱਤਵਪੂਰਨ ਹਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਵੀ ਇਮਰਾਨ ਖਾਨ ਨੇ ਮੰਨਿਆ ਸੀ ਕਿ ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ ਤੇ ਲੋਕਾਂ ਦੇ ਭਲੇ ਲਈ ਹੈ।
ਖੈਬਰ ਪਖਤੂਨਖਵਾ ‘ਚ ਰੈਲੀ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਉਹ ਆਪਣੇ ਗੁਆਂਢੀ ਦੀ ਪ੍ਰਸ਼ੰਸਾ ਕਰਦੇ ਹਨ, ਕਿਉਂਕਿ ਭਾਰਤ ਹਮੇਸ਼ਾ ਸੁਤੰਤਰ ਵਿਦੇਸ਼ ਨੀਤੀ ਦੇ ਪੱਖ ‘ਚ ਰਿਹਾ ਹੈ। ਇਮਰਾਨ ਨੇ ਕਿਹਾ ਕਿ ਅੱਜ ਭਾਰਤ ਅਮਰੀਕੀ ਗਠਜੋੜ ‘ਚ ਹੈ ਤੇ ਉਹ ਕਵਾਡ ਦੇਸ਼ਾਂ ਦਾ ਹਿੱਸਾ ਹਨ। ਅੱਜ ਭਾਰਤ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਦੀ ਦਰਾਮਦ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਨੀਤੀ ਲੋਕਾਂ ਦੇ ਭਲੇ ਲਈ ਹੈ।
ਰੈਲੀ ਦੌਰਾਨ ਇਮਰਾਨ ਖਾਨ ਨੇ ਆਪਣੇ ਰੂਸ ਦੌਰੇ ਦੇ ਕਾਰਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਮਾਸਕੋ ਇਸ ਲਈ ਗਏ ਸਨ ਤਾਂ ਜੋ ਪਾਕਿਸਤਾਨ ‘ਚ ਵੱਧ ਰਹੀ ਮਹਿੰਗਾਈ ਨੂੰ ਕਾਬੂ ਕੀਤਾ ਜਾ ਸਕੇ। ਰੂਸ ਨੇ ਪਾਕਿਸਤਾਨ ਨੂੰ 30 ਫੀਸਦੀ ਦੀ ਛੋਟ ਨਾਲ ਤੇਲ ਦਿੱਤਾ ਹੈ।
ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਜ਼ਾਦ ਵਿਦੇਸ਼ ਨੀਤੀ ਦੇ ਚੱਲਦਿਆਂ ਪਾਕਿਸਤਾਨ ਲਈ ਸੱਤਾ ਤੋਂ ਬਾਹਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਸਮੇਂ ਸੱਤਾ ਗੁਆ ਚੁੱਕੀ ਹੈ ਜਦੋਂ ਪਾਕਿਸਤਾਨ ਤਰੱਕੀ ਕਰ ਰਿਹਾ ਸੀ। ਇੱਥੇ ਟੈਕਸ ਵਸੂਲੀ ਇਤਿਹਾਸਕ ਪੱਧਰ ‘ਤੇ ਸੀ ਤੇ ਦੇਸ਼ ਵਿਕਾਸ ਦੇ ਰਾਹ ‘ਤੇ ਸੀ।