ਪਾਕਿਸਤਾਨ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ’ਚ ਮਹਿੰਗਾਈ ਬੇਕਾਬੂ ਹੁੰਦੀ ਜਾ ਰਹੀ ਹੈ। ਲੋਕਾਂ ’ਚ ਸਰਕਾਰ ਪ੍ਰਤੀ ਗੁੱਸਾ ਵੱਧ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਵੀ ਮਹਿੰਗਾਈ ਦੇ ਮੁੱਦੇ ’ਤੇ ਸਰਕਾਰ ਖ਼ਿਲਾਫ਼ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰ ਦਿੱਤਾ ਹੈ। ਇਸੇ ਕਵਾਇਦ ’ਚ ਜਮਾਤ-ਏ-ਇਸਲਾਮੀ ਪਾਰਟੀ ਨੇ ਮਹਿੰਗਾਈ ਤੇ ਵੱਧਦੀ ਬੇਰੁਜ਼ਗਾਰੀ ਬਾਰੇ ਇਮਰਾਨ ਸਰਕਾਰ ਖ਼ਿਲਾਫ਼ ਵੱਡੇ ਪੈਮਾਨੇ ’ਤੇ ਪ੍ਰਦਰਸ਼ਨ ਕੀਤਾ ਹੈ।
ਨਿਊਜ਼ ਇੰਟਰਨੈਸ਼ਨਲ ਅਖ਼ਬਾਰ ਮੁਤਾਬਕ, ਜਮਾਤ-ਏ-ਇਸਲਾਮੀ ਦੇ ਨੇਤਾ ਅਮੀਰ ਸਿਰਾਜੁਲ ਹੱਕ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ। ਹੱਕ ਨੇ ਕਿਹਾ ਕਿ ਇਮਰਾਨ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਮਰਾਨ ਦੀ ਪਾਰਟੀ ਧਾਂਦਲੀ ਜ਼ਰੀਏ 2018 ’ਚ ਆਮ ਚੋਣਾਂ ਜਿੱਤਣ ’ਚ ਕਾਮਯਾਬ ਹੋਈ ਸੀ। ਉਨ੍ਹਾਂ ਇਹ ਕਿਹਾ ਕਿ ਮੌਜੂਦਾ ਸਰਕਾਰ ਦੇ ਹਮਾਇਤੀਆਂ ਨੂੁੰ ਦੁਬਾਰਾ ਇਸ ਤਰ੍ਹਾਂ ਦੀ ਧਾਂਦਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।