US UK Troops: ਬਗਦਾਦ: ਇਰਾਕ ਦੇ ਮਿਲਟਰੀ ਬੇਸ ‘ਤੇ ਰਾਕੇਟ ਹਮਲੇ ਵਿੱਚ 2 ਅਮਰੀਕੀ ਸੈਨਿਕ ਅਤੇ ਇਕ ਬ੍ਰਿਟਿਸ਼ ਨਾਕਰਿਕ ਦੀ ਮੌਤ ਹੋ ਗਈ ਹੈ । ਇਸ ਹਮਲੇ ਸਬੰਧੀ ਅਮਰੀਕੀ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ । ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਗਦਾਦ ਦੇ ਉੱਤਰ ਵਿੱਚ ਤਾਜੀਆ ਬੇਸ ‘ਤੇ ਰਾਕੇਟ ਦਾਗੇ ਗਏ ਹਨ ।
ਮੀਡਿਆ ਰਿਪੋਰਟਾਂ ਅਨੁਸਾਰ ਇਰਾਕ ਵਿੱਚ ਅਮਰੀਕੀ ਸੈਨਾ ਦੇ ਬੁਲਾਰੇ ਮਾਈਲਜ਼ ਕੈਗਿਨਜ਼ ਨੇ ਦੱਸਿਆ ਕਿ ਇਰਾਕ ਦੇ ਤਾਜੀ ਬੇਸ ਕੈਂਪ ‘ਤੇ 15 ਰਾਕੇਟ ਦਾਗੇ ਗਏ । ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ । ਉੱਥੇ ਹੀ ਇੱਕ ਹੋਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੱਕ ਲਾਂਚਰ ਤੋਂ 30 ਰਾਕੇਟ ਦਾਗੇ ਗਏ, ਜਿਨ੍ਹਾਂ ਵਿਚੋਂ 18 ਬੇਸ ‘ਤੇ ਲੱਗੇ ਹਨ ।
ਹਾਲਾਂਕਿ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਹਮਲਾ ਕਿਸ ਗਰੁੱਪ ਵੱਲੋਂ ਕੀਤਾ ਗਿਆ ਹੈ । ਹੋਰ ਰਿਪੋਰਟਾਂ ਅਨੁਸਾਰ ਹਮਲਾਵਰਾਂ ਨੇ 15 ਰਾਕੇਟ ਦਾਗੇ ਹਨ, ਜਿਸ ਵਿੱਚ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ । ਇਸ ਸਬੰਧੀ ਪੁਸ਼ਟੀ ਕਰਦੇ ਹੋਏ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਇੱਕ ਸੈਨਿਕ ਸੀ ਤੇ ਦੂਜਾ ਕਾਂਟਰੈਕਟਰ ਸੀ । ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ।
ਈਰਾਨ ਦੇ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ । ਹੁਣ ਇੱਕ ਵਾਰ ਫਿਰ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕੀ ਦੂਤਘਰ ਨੇੜੇ 5 ਰਾਕੇਟ ਦਾਗੇ ਗਏ ਹਨ । ਇਸ ਮਹੀਨੇ ਅਮਰੀਕੀ ਸਫਾਰਤਖਾਨੇ ਨੇੜੇ ਇਹ ਚੌਥਾ ਹਮਲਾ ਹੈ । ਦਰਅਸਲ, ਕੁਝ ਦਿਨ ਪਹਿਲਾਂ ਅਜਿਹੇ ਰਾਕੇਟ ਹਮਲੇ ਕੀਤੇ ਗਏ ਸਨ, ਜਿਨ੍ਹਾਂ ਦੇ ਇਲਜ਼ਾਮ ਇਰਾਨ ‘ਤੇ ਲਗਾਏ ਗਏ ਸਨ ।