ਨਵੀਂ ਦਿੱਲੀ: ਅਮਰੀਕਾ-ਇਰਾਨ ਵਿਵਾਦ ਨੇ ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ। ਜਿਵੇਂ ਹੀ ਵਿਵਾਦ ਸ਼ੁਰੂ ਹੋਇਆ, ਹਰਿਆਣਾ ਸਣੇ ਦੇਸ਼ ਭਰ ਦੇ ਬਰਾਮਦਕਾਰਾਂ ਦਾ 50 ਹਜ਼ਾਰ ਟਨ ਤੋਂ ਵੱਧ ਬਾਸਮਤੀ ਚੌਲ ਬੰਦਰਗਾਹਾਂ ‘ਤੇ ਅਟਕ ਗਿਆ। ਹੁਣ ਸਿਰਫ ਬਾਹਰੀ ਖਰੀਦਦਾਰ ਹੀ ਨਹੀਂ ਬਲਕਿ ਸਥਾਨਕ ਬਰਾਮਦਕਾਰਾਂ ਨੇ ਵੀ ਉਨ੍ਹਾਂ ਦਾ ਮਾਲ ਭੇਜਣਾ ਬੰਦ ਕਰ ਦਿੱਤਾ ਹੈ। ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਨੇ ਅਗਲੇ ਕੁਝ ਦਿਨਾਂ ਲਈ ਚੌਲ ਨਾ ਭੇਜਣ ਦੀ ਸਲਾਹ ਵੀ ਦਿੱਤੀ ਹੈ।
ਇਸ ਘਟਨਾ ਸਦਕਾ ਮੰਡੀਆਂ ‘ਚ ਬਾਸਮਤੀ ਚੌਲ ਦੀਆਂ ਕੀਮਤਾਂ 150 ਰੁਪਏ ਹੇਠਾਂ ਆ ਗਈਆਂ ਹਨ। ਇਸ ਦੇ ਨਾਲ ਹੀ ਚੌਲਾਂ ਦੀ ਕੀਮਤ ‘ਚ ਵੀ 300 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਕੀਤੀ ਗਈ ਹੈ। ਯੂਰਪ ਵਿੱਚ ਭਾਰਤੀ ਚੌਲ ਦੀ ਬਰਾਮਦ ‘ਤੇ ਪਹਿਲਾਂ ਹੀ ਪਾਬੰਦੀ ਹੈ। ਹੁਣ ਅਰਬ ਦੇਸ਼ਾਂ ‘ਚ ਚਾਵਲ ਦੇ ਨਿਰਯਾਤ ਬੰਦ ਹੋਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।
ਕੈਥਲ ਦੇ ਚੌਲ ਬਰਾਮਦ ਕਰਨ ਵਾਲੇ ਨਰਿੰਦਰ ਮਿਗਲਾਨੀ ਨੇ ਕਿਹਾ ਕਿ ਯੂਰਪ ‘ਚ ਚੌਲ ਪਹਿਲਾਂ ਹੀ ਬੰਦ ਸੀ। ਇਰਾਨ ਨਾਲ ਪਹਿਲਾਂ ਹੀ ਮੁੱਦਾ ਚੱਲ ਰਿਹਾ ਸੀ। ਹੁਣ ਹੋਏ ਘਟਨਾਕ੍ਰਮ ਕਰਕੇ ਇਰਾਨ-ਇਰਾਕ, ਦੁਬਈ ਲਈ ਸਮੁੰਦਰੀ ਜ਼ਹਾਜ਼ਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੇ ਵੀ 100 ਕੰਟੇਨਰ ਬੰਦਰਗਾਹ ‘ਤੇ ਫਸੇ ਹੋਏ ਹਨ ਜਿਨ੍ਹਾਂ ਨੂੰ ਅੱਗੇ ਭੇਜਣ ਤੋਂ ਰੋਕ ਦਿੱਤਾ ਗਿਆ ਹੈ।