ISRO to launch Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਭੇਜਣ ਦੀ ਤਿਆਰੀ ਵਿੱਚ ਹੈ। ਇਸਰੋ ਸਤੰਬਰ 2019 ’ਚ ਪਹਿਲੀ ਵਾਰ ਚੰਨ ਦੇ ਦੱਖਣੀ ਧਰੁਵ ਉੱਤੇ ਲੈਂਡ ਕਰਨ ਵਿੱਚ ਨਾਕਾਮ ਰਿਹਾ ਹੈ। ਹੁਣ ਛੇਤੀ ਹੀ ਚੰਦਰਯਾਨ–3 ਨੂੰ ਚੰਨ ਵੱਲ ਰਵਾਨਾ ਕੀਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਲਈ ਨਵੰਬਰ 2020 ਤੱਕ ਦੀ ਸਮਾਂ–ਹੱਦ ਤੈਅ ਕੀਤੀ ਗਈ ਹੈ। ਇਸਰੋ ਨੇ ਇਸ ਲਈ ਕਈ ਕਮੇਟੀਆਂ ਬਣਾਈਆਂ ਹਨ। ਇਸ ਲਈ ਇਸਰੋ ਨੇ ਪੈਨਲ ਦੇ ਨਾਲ ਤਿੰਨ ਉੱਪ–ਕਮੇਟੀਆਂ ਦੀ ਅਕਤੂਬਰ ਤੋਂ ਲੈ ਕੇ ਹੁਣ ਤੱਕ ਤਿੰਨ ਉੱਚ–ਪੱਧਰੀ ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਨਵੇਂ ਮਿਸ਼ਨ ਵਿੱਚ ਕੇਵਲ ਲੈਂਡਰ ਤੇ ਰੋਵਰ ਸ਼ਾਮਲ ਹੋਵੇਗਾ ਕਿਉਂਕਿ ਚੰਦਰਯਾਨ–2 ਦਾ ਆਰਬਿਟਰ ਠੀਕ ਤਰੀਕੇ ਕੰਮ ਕਰ ਰਿਹਾ ਹੈ।
ਸਮੀਖਿਆ ਕਮੇਟੀ ਦੀ ਮੀਟਿੰਗ ਵਿੱਚ ਵੱਖੋ–ਵੱਖਰੀਆਂ ਸਬ–ਕਮੇਟੀਆਂ ਦੀਆਂ ਸਿਫ਼ਾਰਸ਼ਾਂ ਉੱਤੇ ਚਰਚਾ ਕੀਤੀ ਗਈ। ਕਮੇਟੀਆਂ ਨੇ ਸੰਚਾਲਨ ਸ਼ਕਤੀ, ਸੈਂਸਰ, ਇੰਜੀਨੀਅਰਿੰਗ ਤੇ ਨੇਵੀਗੇਸ਼ਨ ਨੂੰ ਲੈ ਕੇ ਆਪਣੇ ਪ੍ਰਸਤਾਵ ਦਿੱਤੇ ਹਨ। ਇਸ ਮੌਕੇ ਇੱਕ ਵਿਗਿਆਨੀ ਨੇ ਕਿਹਾ ਕਿ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸਰੋ ਨੇ ਹੁਣ ਤੱਕ ਅਹਿਮ 10 ਨੁਕਤਿਆਂ ਦਾ ਖ਼ਾਕਾ ਤਿਆਰ ਕਰ ਲਿਆ ਹੈ; ਜਿਸ ਵਿੱਚ ਲੈਂਡਿੰਗ ਸਾਈਟ, ਨੇਵੀਗੇਸ਼ਨ ਤੇ ਲੋਕਲ ਨੇਵੀਗੇਸ਼ਨ ਸ਼ਾਮਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੰਜ ਅਕਤੂਬਰ ਨੁੰ ਇੱਕ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਹੈ ਕਿ ਚੰਦਰਯਾਨ–2 ਦੀ ਮਾਹਿਰ ਕਮੇਟੀ ਵੱਲੋਂ ਲੈਂਡਰ ਸਿਸਟਮ ਨੂੰ ਬਿਹਤਰ ਬਣਾਉਣ ਲਈ ਕੀਤੀਆਂ ਗਈਆਂ ਸਿਫ਼ਾਰਸ਼ਾਂ ਵੱਲ ਧਿਆਨ ਦਿੱਤਾ ਜਾਵੇ। ਜਿਹੜੀਆਂ ਸਿਫ਼ਾਰਸ਼ਾਂ ਨੂੰ ਚੰਦਰਯਾਨ–2 ਦੇ ਐਡਵਾਂਸ ਫ਼ਲਾਈਟ ਪ੍ਰੈਪਰੇਸ਼ਨ ਕਾਰਨ ਲਾਗੂ ਨਹੀਂ ਕੀਤਾ ਗਿਆ ਸੀ।ਸੂਤਰਾਂ ਦਾ ਕਹਿਣਾ ਹੈ ਕਿ ਇਸਰੋ ਇੱਕ ਨਵਾਂ ਲੈਂਡਰ ਤੇ ਰੋਵਰ ਬਣਾ ਰਿਹਾ ਹੈ। ਲੈਂਡਰ ਉੱਤੇ ਪੇਅਲੋਡ ਦੀ ਗਿਣਤੀ ਨੂੰ ਲੈ ਕੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ। ਇੱਥੇ ਵਰਨਣਯੋਗ ਹੈ ਕਿ ਸਤੰਬਰ ’ਚ ਇਸਰੋ ਨੇ ਚੰਦਰਯਾਨ–2 ਨੂੰ ਚੰਨ ਦੇ ਦੱਖਣੀ ਧਰੁਵ ’ਤੇ ਸਾਫ਼ਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ; ਜਿਸ ਵਿੱਚ ਉਸ ਨੂੰ ਸਫ਼ਲਤਾ ਨਹੀਂ ਮਿਲ ਸਕੀ।