ਹੈਦਰਾਬਾਦ: ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦੇ ਸੀਨੀਅਰ ਵਿਗਿਆਨੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮੰਗਲਵਾਰ ਨੂੰ ਉਸ ਦੀ ਲਾਸ਼ ਹੈਦਰਾਬਾਦ ਵਿੱਚ ਫਲੈਟ ਦੇ ਕਮਰੇ ਵਿੱਚ ਮਿਲੀ। ਉਹ ਬਾਲਨਗਰ ਵਿੱਚ ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐਨਆਰਐਸਸੀ) ਵਿੱਚ ਕੰਮ ਕਰ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਨੇ ਵਿਗਿਆਨੀ ਦੇ ਸਿਰ ‘ਤੇ ਭਾਰੀ ਵਸਤੂ ਨਾਲ ਵਾਰ ਕਰਕੇ ਉਸ ਦਾ ਕਤਲ ਕੀਤਾ।
ਹੈਦਰਾਬਾਦ ਪੁਲਿਸ ਮੁਤਾਬਕ ਮ੍ਰਿਤਕ ਐਸ ਸੁਰੇਸ਼ (56) ਅਮਰਪ੍ਰੀਤ ਇਲਾਕੇ ਵਿੱਚ ਸਥਿਤ ਅੰਨਪੂਰਨਾ ਅਪਾਰਟਮੈਂਟ ਵਿੱਚ ਇਕੱਲਾ ਰਹਿੰਦਾ ਸੀ। ਮੂਲ ਰੂਪ ਵਿੱਚ ਕੇਰਲਾ ਦਾ ਰਹਿਣ ਵਾਲਾ ਸੀ। ਜਦੋਂ ਸੁਰੇਸ਼ ਮੰਗਲਵਾਰ ਨੂੰ ਦਫਤਰ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਫੋਨ ਕੀਤਾ, ਪਰ ਲੰਮੇ ਸਮੇਂ ਤਕ ਕਾਲ ਰਿਸੀਵ ਨਹੀਂ ਕੀਤੀ ਗਈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਮਲਾਵਰ ਨੇ ਸੁਰੇਸ਼ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ। ਜਾਂਚ ਟੀਮ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਇਮਾਰਤ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।