ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਸਥਾ (ਇਸਰੋ) ਨੇ ਚੰਦਰਯਾਨ-2 ‘ਤੇ ਸਥਿਤ ਆਰਬਿਟਰ ਨੇ ਹਾਈ ਰੈਜੂਲੁਸ਼ਨ ਕੈਮਰਾ ਨਾਲ ਲਈ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸਰੋ ਮੁਤਾਬਕ, ਆਰਬਿਟਰ ਨੇ ਚੰਨ ਦੀ ਸਤ੍ਹਾ ਤੋਂ 100 ਕਿਮੀ ਦੀ ਉਚਾਈ ਤੋਂ ਲਈਆਂ ਤਸਵੀਰਾਂ ਰਿਲੀਜ਼ ਕੀਤੀਆਂ ਹਨ। ਇਹ ਤਸਵੀਰਾਂ ਚੰਨ ਦੇ ਦੱਖਣੀ ਧਰੂ ਖੇਤਰ ‘ਚ ਸਥਾਪਤ ਬੋਗਸਲਾਵਸਕੀ ਈ ਕ੍ਰੇਟਰ ਤੇ ਉਸ ਦੇ ਨੇੜੇ ਦੀਆਂ ਹਨ। ਇਸ ਦਾ ਵਿਆਸ 14 ਕਿਲੋਮੀਟਰ ਤੇ ਡੁੰਘਾਈ ਤਿੰਨ ਕਿਲੋਮੀਟਰ ਹੈ।
ਇਸਰੋ ਨੇ ਕਿਹਾ ਕਿ ਤਸਵੀਰਾਂ ‘ਚ ਚੰਨ ‘ਤੇ ਵੱਡੇ ਪੱਥਰ ਤੇ ਛੋਟੇ ਖੱਡੇ ਨਜ਼ਰ ਆਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਚੰਨ ਨੂੰ ਲੈ ਕੇ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
ਇਸਰੋ ਦਾ ਚੰਦਰਯਾਨ-2 ਦਾ ਮਿਸ਼ਨ 98 ਫੀਸਦ ਕਾਮਯਾਬ ਹੋਣ ਤੋਂ ਬਾਅਦ ਸਿਰਫ ਦੋ ਫੀਸਦ ਕਮੀ ਕਰਕੇ ਫੇਲ੍ਹ ਹੋ ਗਿਆ ਸੀ। ਅਸਲ ‘ਚ ਵਿਕਰਮ ਲੈਂਡਰ ਨੇ ਸਾਫਟ ਲੈਂਡਿੰਗ ਕਰਨੀ ਸੀ ਪਰ ਉਸ ਦੀ ਲੈਂਡਿੰਗ ਹਾਰਡ ਰਹੀ ਤੇ ਮਹਿਜ਼ ਕੁਝ ਕਦਮ ਦੀ ਦੂਰੀ ‘ਤੇ ਚੰਦਰਯਾਨ-2 ਦਾ ਸੰਪਰਕ ਜ਼ਮੀਨ ਨਾਲ ਟੁੱਟ ਗਿਆ।