ਛੋਟੇ ਪਰਦੇ ਦੇ ਅਦਾਕਾਰ ਲੋਕੇਂਦਰ ਸਿੰਘ ਰਾਜਾਵਤ (Lokendra Singh Rajawat) ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਹ ਆਰਥਿਕ ਤੰਗੀ ‘ਚੋਂ ਗੁਜ਼ਰ ਰਹੇ ਹਨ, ਪਰ ਹੁਣ ਉਹ ਸਰੀਰਕ ਤੌਰ ‘ਤੇ ਵੀ ਮੁਸ਼ਕਲਾਂ ‘ਚ ਆ ਗਏ ਹਨ। ਲੋਕੇਂਦਰ ਸਿੰਘ ਰਾਜਾਵਤ ਨੇ ਆਪਣੀ ਇਕ ਲੱਤ ਗਵਾ ਦਿੱਤੀ ਹੈ। ਡਾਇਬਟੀਜ਼ ਦੀ ਵਧਦੀ ਪਰੇਸ਼ਾਨੀ ਕਾਰਨ ਗੋਡਿਓਂ ਹੇਠਾਂ ਉਨ੍ਹਾਂ ਦੀ ਇਕ ਲੱਤ ਕੱਟਣੀ ਪਈ ਹੈ।
ਇਸ ਗੱਲ ਦੀ ਜਾਣਕਾਰੀ ਲੋਕੇਂਦਰ ਸਿੰਘ ਰਾਜਾਵਤ ਨੇ ਖ਼ੁਦ ਦਿੱਤੀ ਹੈ। ਉਨ੍ਹਾਂ ਈਟੀ ਟਾਈਮਜ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਲੋਕੇਂਦਰ ਸਿੰਘ ਰਾਜਾਵਤ ਨੇ ਆਪਣੀ ਵਧੀ ਆਰਥਿਕ ਪਰੇਸ਼ਾਨੀ ਤੋਂ ਲੈ ਕੇ ਡਾਇਬਟੀਜ਼ ਸਬੰਧੀ ਲੰਬੀ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਡਾਇਬਟੀਜ਼ ਦੀ ਬਿਮਾਰੀ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ। ਲੋਕੇਂਦਰ ਸਿੰਘ ਰਾਜਾਵਤ ਦੀ ਡਾਇਬਟੀਜ਼ ਪਰੇਸ਼ਾਨੀ ਉਸ ਵੇਲੇ ਜ਼ਿਆਦਾ ਵਧ ਗਈ ਜਦੋਂ ਉਹ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਤੰਗੀ ‘ਚੋਂ ਗੁਜ਼ਰ ਰਹੇ ਸਨ।
ਪੈਸਿਆਂ ਦੀ ਘਾਟ ਕਾਰਨ ਲੋਕੇਂਦਰ ਸਿੰਘ ਰਾਜਾਵਤ ਤਣਾਅ ‘ਚ ਰਹਿਣ ਲੱਗੇ, ਜਿਸ ਕਾਰਨ ਦਾ ਡਾਇਬਟੀਜ਼ ਲੈਵਲ ਵਧਦਾ ਚਲਾ ਗਿਆ ਤੇ ਲੱਤ ਕਟਵਾਉਣ ਦੀ ਨੌਬਤ ਆ ਗਈ ਹੈ। ਆਪਣੀ ਇਸ ਪਰੇਸ਼ਾਨੀ ਸਬੰਧੀ ਲੋਕੇਂਦਰ ਸਿੰਘ ਰਾਜਾਵਤ ਨੇ ਕਿਹਾ, ‘ਮੈਂ ਕੁਝ ਨਹੀਂ ਕਰ ਸਕਦਾ ਸੀ। ਮੈਂ ਕੋਵਿਡ ਮਹਾਮਾਰੀ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਕੰਮ ਕਰ ਰਿਹਾ ਸੀ, ਪਰ ਹੁਣ ਕੰਮ ਬਹੁਤ ਘੱਟ ਹੋਣ ਲੱਗਾ ਤੇ ਘਰ ‘ਚ ਇਕ ਹੋਰ ਸਮੱਸਿਆ ਆਰਥਿਕ ਤੰਗੀ ਦਾ ਤਣਾਅ ਰਹਿੰਦਾ ਸੀ।’
ਲੋਕੇਂਦਰ ਸਿੰਘ ਰਾਜਾਵਤ ਨੇ ਅੱਗੇ ਕਿਹਾ, ‘ਇਹ ਸਭ ਉਦੋਂ ਸ਼ੁਰੂ ਹੋਇਆ’ ਜਦੋਂ ਮੇਰੇ ਸੱਜੇ ਪੈਰ ‘ਚ ਕੌਰਨ ਬਣਨੇ ਸ਼ੁਰੂ ਹੋ ਗਏ ਸਨ, ਪਰ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਹ ਇਕ ਇਨਫੈਕਸ਼ਨ ਬਣ ਗਿਆ ਜੋ ਬੋਨ ਮੈਰੋ ‘ਚ ਫੈਲ ਗਿਆ ਅਤੇ ਕੁਝ ਹੀ ਸਮੇਂ ਵਿਚ ਮੇਰੇ ਸਰੀਰ ‘ਚ ਫੈਲਦਾ ਚਲਾ ਗਿਆ। ਮੈਨੂੰ ਗੈਂਗ੍ਰੀਨ ਹੋ ਗਿਆ ਸੀ। ਅਜਿਹੇ ਵਿਚ ਮੇਰੇ ਕੋਲ ਖ਼ੁਦ ਨੂੰ ਬਚਾਉਣ ਦਾ ਇਹੀ ਇਕ ਤਰੀਕਾ ਸੀ, ਗੋਡਿਆਂ ਤਕ ਦੇ ਪੈਰ ਨੂੰ ਕਟਵਾਉਣਾ ਪਿਆ।’