ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੌਰਾਨ ਕੋਈ ਵੀ ਵਿਅਕਤੀ ਐਸਾ ਨਹੀਂ ਜਿਸ ਨੂੰ ਕੋਵਿਡ-19 ਦਾ ਡਰ ਨਾ ਹੋਵੇ। ਨਵਜਾਤ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਕੋਰੋਨਾਵਾਇਰਸ ਦੀ ਲਪੇਟ ‘ਚ ਆ ਸਕਦਾ ਹੈ। ਇਸੇ ਦੌਰਾਨ ਇੱਕ ਖੋਜ ‘ਚ ਖੁਲਾਸਾ ਹੋਇਆ ਹੈ ਕਿ ਬਲੱਡ ਗਰੁੱਪ-ਓ (O) ਵਾਲੇ ਵਿਅਕਤੀਆਂ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਹਾਲਾਂਕਿ ਇਸ ਹਾਲੇ ਖੋਜ ਜਾਰੀ ਹੈ।
ਯੂਐਸ ਅਧਾਰਤ ਬਾਇਓਟੈਕਨੋਲੋਜੀ ਕੰਪਨੀ 23 ਐਂਡ ਮੀਂ ਨੇ ਹਾਲ ‘ਚ ਇੱਕ ਖੋਜ ਰਾਹੀਂ ਇਹ ਪਤਾ ਲਾਇਆ ਹੈ। 6 ਅਪ੍ਰੈਲ, 2020 ਨੂੰ, ਫਰਮ ਨੇ ਕੋਰੋਨਾ ਦੀ ਲਾਗ ਦੇ ਨਾਲ ਜੀਨਜ਼ ਦੇ ਸਬੰਧ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਇਸ ਅਧਿਐਨ ਵਿੱਚ ਸਾਢੇ 7 ਲੱਖ ਤੋਂ ਵੱਧ ਲੋਕ ਸ਼ਾਮਲ ਕੀਤੇ ਗਏ ਸਨ। ਮਈ ਦੇ ਅੰਤ ਤੱਕ, ਅਧਿਐਨ ਵਿੱਚ 10,000 ਹੋਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ ਕੋਰੋਨਾ ਦੇ ਗੰਭੀਰ ਲੱਛਣ ਸਨ।
ਅਧਿਐਨ ਵਿੱਚ, ਵਿਗਿਆਨੀਆਂ ਨੇ ਇਨ੍ਹਾਂ ਸਾਢੇ 7 ਲੱਖ ਲੋਕਾਂ ਦੇ ਖੂਨ ਦੇ ਸੈਂਪਲ ਤੇ ਜੀਨ ਡਿਜ਼ਾਈਨ ਦੀ ਜਾਂਚ ਕੀਤੀ। ਇਨ੍ਹਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ ਸੀ। ਇੱਕ-ਜਿਸ ਨੇ ਲਾਗ ਦੇ ਬਾਰੇ ਵਿੱਚ ਖੁਦ ਜਾਣਕਾਰੀ ਦਿੱਤੀ। ਦੂਜਾ ਉਹ ਲੋਕ ਜੋ ਹਸਪਤਾਲ ਵਿੱਚ ਦਾਖਲ ਹਨ, ਤੀਜਾ-ਉਹ ਜੋ ਜਾਣੇ ਅਣਜਾਣੇ ‘ਚ ਜੋਖਮ ਦੇ ਬਾਅਦ ਵਾਇਰਸ ਦੀ ਲਪੇਟ ‘ਚ ਆਏ ਹਨ।
ਅਧਿਐਨ ਦੇ ਮੁਢਲੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ (O) ਬਲੱਡ ਗਰੁੱਪ ਵਾਲੇ ਲੋਕ ਘੱਟ ਤੋਂ ਘੱਟ ਸੰਕਰਮਿਤ ਹੁੰਦੇ ਹਨ। (O) ਬਲੱਡ ਗਰੁੱਪ ਵਾਲੇ ਵਿਅਕਤੀਆਂ ਵਿੱਚ ਕੋਰੋਨਾ ਦੀ ਲਾਗ ਦੂਜੇ ਬਲੱਡ ਗਰੁਪ ਵਾਲੇ ਮਰੀਜ਼ਾਂ ਨਾਲੋਂ 9 ਤੋਂ 18 ਪ੍ਰਤੀਸ਼ਤ ਘੱਟ ਸੀ।