ਇਹੋਂ ਜਿਹੇ ਕਈ ਸਵਾਲ ਮੇਰੇ ਮੰਨ ਅੰਦਰ ਰੋਜਾਨਾ ਹੀ ਆਉਂਦੇ ਰਹਿੰਦੇ ਨੇ, ਕੀ ਸੱਚੀ ਕਾਨੂੰਨ ਅੰਨਾ ਏ ਉਸ ਨੂੰ ਕੁਝ ਨਹੀਂ ਦਿਸਦਾ। ਰੋਜਾਨਾ ਹੁੰਦੇ ਬਲਾਤਕਾਰ, ਕਤਲ, ਗੈਗਵਾਰਾਂ, ਗੈਗਰੇਪ ਤੇ ਹੋਰ ਵੀ ਬਹੁਤ ਕੁਝ। ਫਿਰ ਸੋਚਦਾ ਨਹੀਂ ਪੱਟੀ ਹੀ ਉਸ ਦੀਆਂ ਅੱਖਾਂ ਤੇ ਤਾਂ ਬੰਨੀ ਹੁੰਦੀ ਹੈ ਕਿਉਂਕਿ ਉਸ ਨੇ ਫੈਸਲਾ ਬਰਾਬਰ ਕਰਨਾ ਹੁੰਦਾ ਹੈ, ਇਕ ਝੂਠੇ ਦੇ ਹੱਕ ‘ਚ ਨਾ ਚਲਾ ਜਾਵੇ ਇਸ ਕਰਕੇ ਉਹ ਅੱਖਾਂ ਤੇ ਪੱਟੀ ਬੰਨ ਕੇ ਰੱਖਦਾ ਹੈ ਅਤੇ ਕੰਨਾਂ ਦੇ ਰਾਹੀਂ ਸੁਨਣ ਤੋਂ ਬਾਅਦ ਆਪਣਾ ਫੈਸਲਾ ਸੁਣਾਉਂਦਾ ਹੈ। ਮੁਕਦੀ ਗੱਲ ਕਿ ਉਹ ਸੱਚ ਦਾ ਸਾਥ ਦਿੰਦਾ। ਭਾਵੇਂ ਉਸ ਨੂੰ ਦਿਸਦਾ ਕੱਖ ਵੀ ਨਹੀਂ ਪਰ ਫਿਰ ਵੀ ਉਸ ਦੀ ਕਲਮ ਸੱਚ ਦੇ ਵੱਲ ਨੂੰ ਤੁਰਦੀ ਏ।
ਅੰਗਰੇਜਾਂ ਦਾ ਵੇਲਾ ਤਾਂ ਸਾਰੇ ਦੋਸਤਾਂ ਨੂੰ ਯਾਦ ਹੀ ਹੋਣਾ.. ਉਹ ਸਜਾ ਕਿਸ ਪ੍ਰਕਾਰ ਦਿੰਦੇ ਸੀ। ਉਹ ਸਭ ਤੋਂ ਪਹਿਲੋਂ ਪੂਰੇ ਮਾਮਲੇ ਨੂੰ ਸਮਝ ਕੇ, ਬਾਅਦ ਵਿਚ ਭਾਵੇਂ ਸਜਾ ਦੇਣ ਵਾਲੇ ਦਾ ਕੋਈ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ ਫਟਾਫਟ ਫਾਂਸੀ ਦੀ ਸਜਾ ਸੁਣਾ ਦਿੱਤੀ ਜਾਂਦੀ ਸੀ। ਪਰ ਅਫਸੋਸ ਭਾਰਤ ਵਿਚੋਂ ਅੰਗਰੇਜ ਜਾਣ ਤੋਂ ਮਗਰੋਂ ਸਭ ਕੁਝ ਬਦਲ ਗਿਆ। ਨੇਤਾਵਾਂ ਦੇ ਚਿਮਚੇ ‘ਅੱਠ ਪੜੇ’ ਹੀ ਡਿਗਰੀਆਂ ਵਾਲਿਆਂ ਨੂੰ ਸਜਾਵਾਂ ਦੇਣ ਲੱਗ ਗਏ। ਜਦੋਂ ਦੇ ਅੰਗਰੇਜ ਸਾਡੇ ਦੇਸ਼ ਵਿਚੋਂ ਗਏ ਕਾਨੂੰਨ ਸਵਰਨੇ ਤਾਂ ਕੀ ਸੀ ਸਗੋਂ ਵਿਗੜ ਗਏ। ਪੰਜਾਬੀ ਹੀ ਪੰਜਾਬੀ ਦਾ ਦੁਸ਼ਮਣ ਬਣ ਗਿਆ ‘ਤੇ ਖਾਕੀ ਵਾਲੇ ਖਾਕੀ ਵਾਲਿਆਂ ਦੇ ਦੁਸ਼ਮਣ ਬਣ ਗਏ। ਕਰਵਾਉਣ ਵਾਲੇ ਕੌਣ ਨੇਤਾ ਲੋਕ..ਮਰਨ ਵਾਲੇ ਕੌਣ ਆਮ ਲੋਕ।
ਅਫਸੋਸ ਉਦੋਂ ਹੁੰਦਾ ਏ ਜਦੋਂ ਇਕ ਨੇਤਾ ਆਰਡਰ ਤਾਂ ਕਰ ਦਿੰਦਾ ਏ ਪਰ ਇਹ ਨਹੀਂ ਵੇਖਦਾ ਕਿ ਅਗਲੇ ਨੇ ਕਿਹੜਾ ਗੁਣਾਅ ਕੀਤਾ ਹੋਇਆ ਏ। ਨੇਤਾਵਾਂ ਦੇ ਹੱਥ ‘ਚ ਹੀ ਅੱਜ ਕੱਲ੍ਹ ਕਾਨੂੰਨ ਖੇਡਣ ਲੱਗ ਗਿਆ ਏ.. ਜੇ ਕੋਈ ਸੱਚ ਲਿਖਣ ਦੀ ਗੱਲ ਕਰਦਾ ਹੈ ਜਾਂ ਤਾਂ ਉਸ ਦੀ ਕਲਮ ਤੋੜ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ”’ਕੀ ਇਹ ਹੈ ਸਾਡਾ ਭਾਰਤੀ ਕਾਨੂੰਨ”’। ਇਥੇ ਹੱਕ ਮੰਗਣ ਵਾਲੇ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਏ ਤੇ ਜੁਲਮ ਕਰਨ ਵਾਲੇ ਨੂੰ ਏਸੀ ਦੀ ਹਵਾ। ਪਿਛਲੇ ਲੰਮੇ ਸਮੇਂ ਤੋਂ ਵੇਖਣ ਵਿਚ ਆਇਆ ਹੈ ਕਿ ਜਿੰਨਾ ਲੋਕਾਂ ਨੇ ਆਪਣੇ ਹੱਕਾਂ ਪ੍ਰਤੀ ਸਰਕਾਰ ਜਾਂ ਪ੍ਰਸਾਸ਼ਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਤੇ ਝੂਠੇ ਪਰਚੇ ਦਰਜ ਕਰਵਾ ਕੇ ਜੇਲ੍ਹਾਂ ਅੰਦਰ ‘ਡੱਕ’ ਦਿੱਤਾ ਗਿਆ। ਇਕ ਡਾਂਸਰ ਦੀ ਲਾਸ਼ ਨੂੰ ਧੂਹ ਧੂਹ ਕੇ ਵੀਡੀਉ ਬਣਾਈ, ਸਭ ਕੋਲ ਉੱਥੇ ਅਸਲਾ ਸੀ ਪਰ ਉਦੋ ਕਿਸੇ ਦੀ ਅਣਖ ਨਹੀ ਜਾਗੀ।
ਮੋਗੇ ਜ਼ਿਲ੍ਹੇ ਅੰਦਰ ਪਿਛਲੇ ਕੁਝ ਹੀ ਦਿਨ ਪਹਿਲੋਂ ਤਾਏ ਦੇ ਪੁੱਤ ਕੁੜੀ ਦਾ ਸ਼ੋਸ਼ਣ ਕਰਦੇ ਰਹੇ ਕਿਸੇ ਦੀ ਅਣਖ ਉਦੌ ਵੀ ਨਹੀ ਜਾਗੀ। ਜਦੋਂ ਆਹ ਪੜ੍ਹਦੇ ਸੁਣਦੇ ਕਿ ਪਿੰਡ ਦੀ ਧੀ ਸਭ ਦੀ ਧੀ ਤਾਂ ਇਹ ਮੈਨੂੰ ਸਭ ਤੋਂ ਵੱਡੇ ਢਕੌਂਸਲੇ ਜਾਪਦੇ ਨੇ ਸਭ ਝੂਠ ਹੈ। ਧੀ ਸਿਰਫ ਮਾਂ ਪਿਉ ਦੀ ਹੈ ਪਰ ਅਸਲ ਵਿੱਚ ਉਹਨਾਂ ਦੀ ਵੀ ਇਸ ਦੇਸ਼ ਵਿੱਚ ਤਾਂ ਪਿਉ ਵੀ ਬਾਲਾਤਕਾਰੀ ਹੋ ਸਕਦਾ ਏ। ਪਿਛਲੇ ਮਹੀਨੇ ਹੀ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਪ੍ਰੀਤ ਦੀ ਖ਼ੁਦਕੁਸ਼ੀ ਸਾਡੇ ਲਈ ਸਵਾਲ ਖੜੀ ਕਰਦੀ ਹੈ। ਕਿ ਆਖਿਰ ਔਰਤ ਕਿੱਥੇ ਸੁਰੱਖਿਅਤ ਹੈ।
ਕੰਮ ਤੇ ਬਾਲਾਤਕਾਰ, ਘਰ ਵਿਚ ਬਾਲਾਤਕਾਰ ਤੇ ਹੋਰ ਤੇ ਧਾਰਮਿਕ ਸਥਾਨਾਂ ਵਿੱਚ ਬਾਲਾਤਕਾਰ, ਸ਼ੌਸਲ ਸਾਈਟਾਂ ਤੇ ਵੀ ਬਾਲਾਤਕਾਰ, ਲਲਚਾਈਆਂ ਨਜ਼ਰਾਂ ਹਰ ਪਾਸੇ ਕੁੜੀਆਂ ਨੂੰ ਨੋਚ ਖਾਣ ਲਈ ਕਾਹਲੀਆਂ ਨੇ ਅਸੀਂ ਪੰਜਾਬੀ ਤਾਂ ਇਤਨੇ ਨੀਚ ਹਾਂ ਅਸੀਂ ਤਾਂ ਕਿਸੇ ਕੁੜੀ ਦੀਆਂ ਫੋਟੋਆਂ ਨੂੰ ਵੀ ਐਡਿਟ ਕਰਕੇ ਗਾਲਾਂ ਕੱਢਕੇ ਵੀ ਬਾਲਾਤਕਾਰ ਕਰਦੇ ਹਾਂ। ਸਾਰਾ ਸੱਚ ਜਦੋਂ ਸਾਹਮਣੇ ਆ ਜਾਂਦਾ ਹੈ ਤਾਂ ਉਸ ਤੋਂ ਮਗਰੋਂ ਇਹ ਗੱਲਾਂ ਹੁੰਦੀਆਂ ਨੇ ਕੁੜੀ ਗਲਤ ਸੀ ਤਾਂ ਹੀ ਇਹੋਂ ਜਿਹਾ ਕੰਮ ਹੋਇਆ। ਇਹ ਹਾਲ ਏ ਸਾਡੇ ਭਾਰਤ ਦਾ। ਜਿਥੇ ਪਰਚੇ ਤਾਂ ਦਰਜ ਕਰ ਦਿੱਤੇ ਜਾਂਦੇ ਨੇ ਪਰ ਸਜਾ ਨੇਤਾਵਾਂ ਦੇ ਫੀਲੀਆਂ ਦੇ ਕਹਿਣ ਤੇ ਹੀ ਹੁੰਦੀ ਏ।
ਸਵਿੰਦਰ ਕੌਰ, ਮੋਹਾਲੀ