ਇਜ਼ਰਾਈਲ ‘ਚ ਚੋਣਾਂ ਦੇ ਇਕ ਮਹੀਨੇ ਬਾਅਦ ਵੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਵੀਂ ਸਰਕਾਰ ਦੇ ਗਠਨ ‘ਚ ਅਸਫਲ ਰਹੇ ਹਨ। ਸਭ ਤੋਂ ਲੰਬੇ ਸਮੇਂ ਤਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਰਹਿਣ ਵਾਲੇ ਨੇਤਨਯਾਹੂ ਨੇ ਖ਼ੁਦ ਦੇ ਅਸਮਰਥ ਰਹਿਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਰੇਵੇਨ ਰਿਵਲਿਨ ਨੂੰ ਸੂਚਿਤ ਕੀਤਾ ਹੈ ਕਿ ਸਤੰਬਰ ‘ਚ ਹੋਈਆਂ ਚੋਣਾਂ ਤੋਂ ਬਾਅਦ ਉਹ ਨਵੀਂ ਸਰਕਾਰ ਬਣਾਉਣ ‘ਚ ਅਸਮਰਥ ਰਹੇ ਹਨ।
71 ਸਾਲਾ ਨੇਤਨਯਾਹੂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਗਈ ਇਕ ਵੀਡੀਓ ‘ਚ ਕਿਹਾ, ‘ਕੁਝ ਸਮੇਂ ਪਹਿਲਾਂ ਮੈਂ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਸੀ ਕਿ ਮੈਂ ਸਰਕਾਰ ਬਣਾਉਣ ਦੀ ਕੋਸ਼ਿਸ਼ ਤੋਂ ਪਿੱਛੇ ਨਹੀਂ ਹਟ ਰਿਹਾ ਹਾਂ।’ ਇਸ ਤੋਂ ਬਾਅਦ ਨੇਤਨਯਾਹੂ ਨੇ ਆਪਣੇ ਵਿਰੋਧੀ, ਸਾਬਕਾ ਫ਼ੌਜ ਮੁਖੀ ਤੇ ਬਲੂ ਐਂਡ ਵ੍ਹਾਈਟ ਪਾਰਟੀ ਦੇ ਆਗੂ ਬੈਨੀ ਗੈਂਟਜ਼ ਲਈ ਸੱਤਾ ਦਾ ਸੰਭਾਵੀ ਰਾਹ ਖੋਲ੍ਹ ਦਿੱਤਾ ਹੈ।
ਇਜ਼ਰਾਈਲ ਦੇ ਰਾਸ਼ਟਰਪਤੀ ਰੇਵੇਨ ਰਿਵਲਿਨ ਨੇ ਕਿਹਾ ਕਿ ਉਹ ਗੈਂਟਜ਼ ਨੂੰ ਜ਼ਿਆਦਾਤਰ ਸੰਸਦ ਮੈਂਬਰਾਂ ਨੂੰ ਇਕੱਠਾ ਕਰਨ ਦਾ ਮੌਕਾ ਦੇਣਗੇ। ਰਾਸ਼ਟਰਪਤੀ ਦੇ ਇਸ ਫ਼ੈਸਲੇ ਤੋਂ ਬਾਅਦ ਇਜ਼ਰਾਈਲ ‘ਚ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਸਰਕਾਰ ਬਣਾਉਣ ਲਈ ਨੇਤਨਯਾਹੂ ਤੋਂ ਇਲਾਵਾ ਕੋਈ ਵਿਅਕਤੀ ਦਾਅਵਾ ਪੇਸ਼ ਕਰੇਗਾ। ਗੈਂਟਜ਼ ਕੋਲ ਬਹੁਮਤ ਸਾਬਿਤ ਕਰਨ ਲਈ 28 ਦਿਨ ਹੋਣਗੇ। ਗੈਂਟਜ਼ ਨੂੰ ਸਰਕਾਰ ਬਣਾਉਣ ਲਈ ਇਜ਼ਰਾਈਲ ਸੰਸਦ ‘ਚ ਘੱਟ ਤੋਂ ਘੱਟ 61 ਮੈਂਬਰਾਂ ਦੀ ਹਮਾਇਤ ਹਾਸਲ ਕਰਨੀ ਪਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਗੈਂਟਜ਼ ਨੂੰ ਸਫਲਤਾ ਮਿਲ ਸਕਦੀ ਹੈ। ਦੱਸਣਯੋਗ ਹੈ ਕਿ 17 ਸਤੰਬਰ ਨੂੰ ਹੋਈਆਂ ਚੋਣਾਂ ‘ਚ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 31 ਸੀਟਾਂ, ਵਿਰੋਧੀ ਦਲ ਦੇ ਆਗੂ ਬੈਨੀ ਗੈਂਟਜ਼ ਦੀ ਪਾਰਟੀ ਨੂੰ 33 ਸੀਟਾਂ ਮਿਲੀਆਂ ਹਨ। ਅਜਿਹੇ ‘ਚ ਜੇ ਛੇਤੀ ਹੀ ਸਰਕਾਰ ਦਾ ਗਠਨ ਨਹੀਂ ਹੁੰਦਾ ਹੈ ਤਾਂ ਰਾਸ਼ਟਰਪਤੀ ਵੱਲੋਂ ਇਕ ਵਾਰ ਮੁੜ ਚੋਣ ਦਾ ਆਦੇਸ਼ ਦਿੱਤਾ ਜਾਵੇਗਾ। ਅਰਥਾਤ ਇਜ਼ਰਾਈਲ ਇਕ ਸਾਲ ‘ਚ ਤੀਜੀ ਵਾਰ ਆਮ ਚੋਣਾਂ ਦੇ ਮੁਹਾਨੇ ‘ਤੇ ਖੜ੍ਹਾ ਹੈ।