ਲੰਡਨ: ਦੁਨੀਆ ਭਰ ’ਚ ਕੋਰੋਨਾ ਤੋਂ ਪੀੜਤ ਲੋਕਾਂ ਦਾ ਅੰਕੜਾ ਹੁਣ 7 ਕਰੋੜ 66 ਲੱਖ ਤੋਂ ਪਾਰ ਪੁੱਜ ਚੁੱਕਾ ਹੈ। ਇੰਗਲੈਂਡ ਜਿਹੇ ਠੰਢੇ ਮੁਲਕਾਂ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਲੱਗੀ ਹੈ। ਇਸੇ ਲਈ ਹੁਣ ਦੇਸ਼ ਵਿੱਚ ਸਖ਼ਤ ਪਾਬੰਦੀਆਂ ਨਾਲ ਲੌਕਡਾਊਨ ਲਾ ਦਿੱਤਾ ਗਿਆ ਹੈ। ਬੈਲਜੀਅਮ ਤੇ ਨੀਦਰਲੈਂਡ ਨੇ ਐਤਵਾਰ ਨੂੰ ਇੰਗਲੈਂਡ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਦਰਅਸਲ, ਕ੍ਰਿਸਮਸ ਮੌਕੇ ਭੀੜ-ਭੜੱਕਾ ਵਧਣ ਤੋਂ ਰੋਕਣ ਲਈ ਅਜਿਹੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ
ਦੱਖਣੀ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਣ ਕੈਨੇਡਾ ਨੇ ਵੀ ਇੰਗਲੈਂਡ ਤੋਂ ਯਾਤਰੀ ਉਡਾਣਾਂ ਉੱਤੇ ਪਾਬੰਦੀ ਲਾ ਦਿੱਤੀ ਹੈ। ਫ਼ਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਬੈਲਜੀਅਮ, ਆਸਟ੍ਰੀਆ, ਆਇਰਲੈਂਡ ਤੇ ਬਲਗਾਰੀਆ ਪਹਿਲਾਂ ਹੀ ਇੰਗਲੈਂਡ ਦੀ ਯਾਤਰਾ ਉੱਤੇ ਪਾਬੰਦੀ ਦਾ ਐਲਾਨ ਕਰ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਇੰਗਲੈਂਡ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ 70 ਫ਼ੀਸਦੀ ਵਧੇਰੇ ਤੇਜ਼ੀ ਨਾਲ ਫੈਲ ਰਿਹਾ ਹੈ। ਉਂਝ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਹਾਲੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜੋ ਇਹ ਸਿੱਧ ਕਰੇ ਕਿ ਵਾਇਰਸ ਦੀ ਨਵੀਂ ਕਿਸਮ ਵਧੇਰੇ ਖ਼ਤਰਨਾਕ ਹੈ ਤੇ ਇਸ ਉੱਤੇ ਵੈਕਸੀਨ ਘੱਟ ਅਸਰ ਕਰੇਗੀ।
ਇੰਗਲੈਂਡ ’ਚ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨੀਦਰਲੈਂਡ ਨੇ ਇਸ ਸਾਲ ਦੇ ਅੰਤ ਤੱਕ ਇੰਗਲੈਂਡ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਰੋਕ ਲਾ ਦਿੱਤੀ ਹੈ। ਬੈਲਜੀਅਮ ਨੇ ਹਾਲੇ ਅਜਿਹੀ ਰੋਕ ਸਿਰਫ਼ 24 ਘੰਟਿਆਂ ਲਈ ਲਾਈ ਹੈ। ਜਰਮਨੀ ਵੀ ਹੁਣ ਇੰਗਲੈਂਡ ਦੀਆਂ ਉਡਾਣਾਂ ਦੀ ਗਿਣਤੀ ਸੀਮਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਅਜਿਹਾ ਯੂਰੋਪ ਵਿੱਚ ਵਾਇਰਸ ਦੀ ਛੂਤ ਫੈਲਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ।