ਭਾਰਤ ਟੀਮ ਨੇ ਆਪਣੀ ਕਮਜ਼ੋਰ ਪਲੇਇੰਗ ਇਲੈਵਨ ਦੇ ਬਾਵਜੂਦ ਆਸਟ੍ਰੇਲੀਆ ਨੂੰ ਆਖ਼ਰੀ ਟੈਸਟ ਮੈਚ ’ਚ ਹਰਾ ਦਿੱਤਾ ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰ ਕੇ ਇਤਿਹਾਸ ਰਚਿਆ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਇਕ ਚਿਤਾਵਨੀ ਦਿੱਤੀ ਹੈ ਤੇ ਕਿਹਾ ਕਿ ਤੁਸੀਂ ਭਾਵੇਂ ਆਸਟ੍ਰੇਲੀਆ ’ਚ ਜਿੱਤ ਗਏ ਹੋਵੋ ਪਰ ਹੁਣ ਅਸਲੀ ਟੀਮ ਆ ਰਹੀ ਹੈ।
ਇੰਗਲੈਂਡ ਦੇ ਸਾਬਕਾ ਦਿੱਗਜ਼ ਬੱਲੇਬਾਜ਼ ਪੀਟਰਸਨ ਨੇ ਟਵੀਟ ਕੀਤਾ ਹੈ ਕਿ ਭਾਰਤ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਵੇ ਕਿਉਂਕਿ ਇਹ ਸਾਰੀਆਂ ਮੁਸ਼ਕਲਾਂ ਨਾਲ ਹਾਸਿਲ ਹੋਈ ਹੈ ਪਰ ਅਸਲੀ ਟੀਮ (ਇੰਗਲੈਂਡ) ਤਾਂ ਕੁਝ ਹਫ਼ਤਿਆਂ ਬਾਅਦ ਆ ਰਹੀ ਹੈ, ਜਿਸ ਨੂੰ ਤੁਸੀਂ ਆਪਣੇ ਘਰ ’ਚ ਹਰਾਉਣਾ ਹੋਵੇਗਾ। ਸਾਵਧਾਨ ਰਹੋ, 2 ਹਫ਼ਤਿਆਂ ’ਚ ਜ਼ਿਆਦਾ ਜਸ਼ਨ ਮਨਾਉਣ ਤੋਂ ਸਾਵਧਾਨ ਰਹੋ। ਪੀਟਰਸਨ ਨੇ ਇਸ ਇਸ ਟਵੀਟ ’ਚ ਅੱਖ ਮਾਰਨ ਵਾਲੀ ਇਮੋਜੀ ਦੀ ਵਰਤੋਂ ਕੀਤੀ ਹੈ। ਇਸ ਤੋਂ ਲੱਗ ਰਿਹਾ ਹੈ ਕਿ ਉਸ ਦੀ ਇਹ ਚੁਣੌਤੀ ਮਜ਼ੇਦਾਰ ਹੈ।
ਦਰਅਸਲ ਆਸਟ੍ਰੇਲੀਆ ਖ਼ਿਲਾਫ਼ ਭਾਰਤ ਨੇ ਪਹਿਲੇ ਟੈਸਟ ’ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕੀਤਾ ਸੀ, ਜਿਸ ’ਚ ਮਹਿਮਾਨ ਟੀਮ ਸਿਰਫ਼ 36 ਦੌੜਾਂ ’ਤੇ ਹੀ ਢੇਰ ਹੋ ਗਈ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਦੂਸਰੇ ਮੈਚ ’ਚ ਅਜਿੰਕ ਰਹਾਣੇ ਦੀ ਕਪਤਾਨੀ ’ਚ ਜਿੱਤ ਹਾਸਿਲ ਕੀਤੀ। ਤੀਸਰਾ ਟੈਸਟ ਮੈਚ ਭਾਰਤੀ ਟੀਮ ਨੇ ਡਰਾਅ ਕਰਵਾਇਆ ਤੇ ਫਿਰ ਆਖ਼ਰੀ ਟੈਸਟ ਮੈਚ ’ਚ ਫਿਰ ਤੋਂ ਭਾਰਤ ਨੇ ਕਮਜ਼ੋਰ ਗੇਂਦਬਾਜ਼ਾਂ ਦੇ ਬਾਵਜੂਦ 3 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ।