ਲੰਡਨ: ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਦੇ ਪੰਜਵੇਂ ਤੇ ਆਖਰੀ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੂੰ 135 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 2-2 ਨਾਲ ਡਰਾਅ ਕਰਵਾ ਦਿੱਤੀ । ਇਸ ਮੁਕਾਬਲੇ ਵਿੱਚ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ 62 ਦੌੜਾਂ ਤੇ 4 ਵਿਕਟਾਂ ਤੇ ਜੈਕ ਲੀਚ ਨੇ 49 ਦੌੜਾਂ ਤੇ 4 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੂੰ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਇੰਗਲੈਂਡ ਦੀਆਂ 299 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 263 ਦੌੜਾਂ ਹੀ ਬਣਾ ਸਕੀ ਤੇ ਇੰਗਲੈਂਡ ਨੇ ਇਹ ਮੁਕਾਬਲਾ 135 ਦੌੜਾਂ ਨਾਲ ਜਿੱਤ ਲਿਆ । ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਇਸ ਜਿੱਤ ਦੇ ਬਾਵਜੂਦ ਏਸ਼ੇਜ਼ ਟਰਾਫੀ ਆਸਟ੍ਰੇਲੀਆ ਕੋਲ ਰਹੇਗੀ । ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਪਹਿਲੀ ਪਾਰੀ ਵਿੱਚ 6 ਵਿਕਟਾਂ ਲੈਣ ਲਈ ਪਲੇਅਰ ਆਫ ਦਿ ਮੈਚ ਜਦਕਿ ਇੰਗਲੈਂਡ ਦੇ ਬੇਨ ਸਟੋਕਸ ਤੇ ਆਸਟ੍ਰੇਲੀਆ ਦੇ ਸਟੀਵ ਸਮਿਥ ਨੂੰ ਪਲੇਅਰ ਆਫ ਦਿ ਸੀਰੀਜ਼ ਵਜੋਂ ਨਵਾਜ਼ਿਆ ਗਿਆ ।
ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਵਲੋਂ ਖੇਡਦੇ ਹੋਏ ਮੈਥਿਊ ਵੇਡ ਨੇ 166 ਗੇਂਦਾਂ ‘ਤੇ 17 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 117 ਦੌੜਾਂ ਵਾਲੀ ਪਾਰੀ ਖੇਡੀ, ਪਰ ਜੋ ਰੂਟ ਨੇ ਜਾਨੀ ਬੇਅਰਸਟੋ ਹੱਥੋਂ ਉਸ ਨੂੰ ਸਟੰਪ ਕਰਵਾ ਕੇ ਉਸ ਦੀ ਪਾਰੀ ਦਾ ਅੰਤ ਕਰ ਦਿੱਤਾ । ਇਸ ਤੋਂ ਇਲਾਵਾ ਆਸਟ੍ਰੇਲੀਆ ਵੱਲੋਂ ਵੇਡ ਦੇ ਇਲਾਵਾ ਕੋਈ ਵੀ ਬੱਲੇਬਾਜ਼ ਆਪਣਾ ਵਧੀਆ ਪ੍ਰਦਰਸ਼ਨ ਨਾ ਕਰ ਸਕਿਆ । ਆਸਟ੍ਰੇਲੀਆ ਵੱਲੋਂ ਪਹਿਲੀ ਪਾਰੀ ਵਿੱਚ 80 ਦੌੜਾਂ ਬਣਾਉਣ ਵਾਲੇ ਸਟੀਵ ਸਮਿਥ ਵੀ ਸਿਰਫ 23 ਦੌੜਾਂ ਹੀ ਬਣਾ ਸਕਿਆ ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 69 ਦੌੜਾਂ ਦੀ ਬੜ੍ਹਤ ਹਾਸਿਲ ਕੀਤੀ ਸੀ । ਜਿਸ ਤੋਂ ਬਾਅਦ ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ ਜੋ ਡੈਨਲੀ ਨੇ 14 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 94 ਦੌੜਾਂ ਤੇ ਜੋਸ ਬਟਲਰ ਨੇ 47 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ 329 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ 399 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ ।