ਭੋਪਾਲ: ਮੱਧ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਕਾਂਗਰਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਆਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਕਹਿ ਰਹੇ ਹਨ ਕਿ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਤੋੜਨ ਲਈ ਬੀਜੇਪੀ ਵੱਲੋਂ ਕੇਂਦਰੀ ਲੀਡਰਸ਼ਿਪ ਤੋਂ ਆਦੇਸ਼ ਮਿਲਿਆ ਸੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਕਾਂਗਰਸ ਨੇ ਟਵੀਟ ਕੀਤਾ “ਮੋਦੀ ਜੀ ਤੁਸੀਂ ਲੋਕਤੰਤਰ ਦੀ ਹੱਤਿਆ ਕੀਤੀ ਹੈ ਜਾਂ ਤੁਹਾਡੇ ਮੁੱਖ ਮੰਤਰੀ ਲਫਾਫਾਬਾਜ਼ੀ ਕਰ ਰਹੇ ਹਨ।”
ਦੱਸਿਆ ਜਾ ਰਿਹਾ ਵਾਇਰਲ ਵੀਡੀਓ ਇੰਦੌਰ ਦਾ ਹੈ। ਇੱਥੇ ਸ਼ਿਵਰਾਜ ਸਾਂਵੇਰ ਦੇ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਤੁਲਸੀ ਸਿਲਾਵਟ ਵੀ ਮੌਜੂਦ ਸਨ। ਤੁਲਸੀ ਸ਼ਿਵਰਾਜ ਕੈਬਨਿਟ ‘ਚ ਮੰਤਰੀ ਹਨ। ਇਸ ਵਾਇਰਲ ਵੀਡੀਓ ਦੇ ਸੱਚ ਹੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ।
ਸਾਬਕਾ ਮੰਤਰੀ ਜੀਤੂ ਪਟਵਾਰੀ ਨੇ ਬੁੱਧਵਾਰ ਇੰਦੌਰ ਵਿੱਚ ਪ੍ਰੈੱਸ ਕਾਨਫਰੰਸ ‘ਚ ਕਿਹਾ ਮੁੱਖ ਮੰਤਰੀ ਨੇ ਕੱਲ੍ਹ ਇੰਦੌਰ ‘ਚ ਸੱਚਾਈ ਖੁਦ ਬਿਆਨ ਕਰ ਦਿੱਤੀ। ਕਾਂਗਰਸ ਸਰਕਾਰ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਦੇ ਹੁਕਮਾਂ ‘ਤੇ ਸਿੰਧੀਆ ਨਾਲ ਰਲ ਕੇ ਤੋੜੀ ਗਈ। ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨਹੀਂ ਚਾਹੁੰਦੀ ਸੀ ਕਿ ਸੂਬੇ ‘ਚ ਕਾਂਗਰਸ ਦੀ ਸਰਕਾਰ ਚੱਲੇ।
ਉਨ੍ਹਾਂ ਕਿਹਾ ਕਾਂਗਰਸ ਸ਼ੁਰੂ ਤੋਂ ਹੀ ਕਹਿੰਦੀ ਆਈ ਹੈ ਕਿ ਬੀਜੇਪੀ ਨੇ ਧੋਖੇ ਨਾਲ ਸਰਕਾਰ ਸੁੱਟੀ ਹੈ। ਕਾਂਗਰਸ ਦੇ ਇਲਜ਼ਾਮਾਂ ਦੀ ਪੁਸ਼ਟੀ ਸ਼ਿਵਰਾਜ ਨੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਮਾਮਲੇ ‘ਤੇ ਮਾਹਿਰਾਂ ਦੀ ਸਲਾਹ ਲੈਣ ਮਗਰੋਂ ਸੁਪਰੀਮ ਕੋਰਟ ਜਾਣਗੇ ਤੇ ਰਾਸ਼ਟਰਪਤੀ ਨੂੰ ਵੀ ਅਪੀਲ ਕਰਨਗੇ।
ਮੱਧ ਪ੍ਰਦੇਸ਼ ‘ਚ ਕਮਲਨਾਥ ਸਰਕਾਰ ਦੇ 22 ਵਿਧਾਇਕਾਂ ਨੇ 10 ਮਾਰਚ ਨੂੰ ਅਸਤੀਫ਼ਾ ਦੇ ਦਿੱਤਾ ਸੀ। ਜਯੋਤੀਰਾਦਿਤਯ ਸਿੰਧੀਆ ਕਾਂਗਰਸ ਛੱਡ ਕੇ ਬੀਜੇਪੀ ‘ਚ ਸ਼ਾਮਲ ਹੋ ਗਏ। ਅਸਤੀਫ਼ਾ ਦੇਣ ਵਾਲੇ 22 ਵਿਧਾਇਕ ਵੀ ਬੀਜੇਪੀ ‘ਚ ਸ਼ਾਮਲ ਹੋ ਗਏ ਸਨ। 20 ਮਾਰਚ ਨੂੰ ਕਮਲਨਾਥ ਸਰਕਾਰ ਭੰਗ ਹੋ ਗਈ। ਬੀਜੇਪੀ ਦਾ ਇਸ ‘ਤੇ ਕਹਿਣਾ ਸੀ ਕਿ ਕਾਂਗਰਸ ਸਰਕਾਰ ਉਨ੍ਹਾਂ ਦੇ ਅੰਦਰੂਨੀ ਕਲੇਸ਼ ਕਰਕੇ ਭੰਗ ਹੋਈ ਹੈ।