ਭਾਰਤ ਦੀ ਸਰਕਾਰੀ ‘ਇੰਡੀਅਨ ਏਅਰਲਾਈਨਜ਼’ ਨੇ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਆਪਣੀਆਂ ਉਨ੍ਹਾਂ ਸਾਰੀਆਂ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ, ਜਿਹੜੀਆਂ ਈਰਾਨ ਦੇ ਪ੍ਰਭਾਵਿਤ ਹਿੱਸੇ ਦੇ ਉੱਪਰੋਂ ਦੀ ਲੰਘਣੀਆਂ ਸਨ।
ਉਨ੍ਹਾਂ ਸਾਰੀਆਂ ਉਡਾਣਾਂ ਦੇ ਨਵੇਂ ਰੂਟ ਬਣਾ ਦਿੱਤੇ ਗਏ ਹਨ।
ਦਰਅਸਲ ਭਾਰਤ ਦੀ ਏਅਰਲਾਈਨਜ਼ ਨੂੰ ਇਹ ਫ਼ੈਸਲਾ ਅਮਰੀਕੀ ਹਵਾਈ ਬਾਜ਼ੀ ਕੰਟਰੋਲਰ ’ਫ਼ੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ’ (FAA) ਦੀ ਚੇਤਾਵਨੀ ਕਾਰਨ ਲਿਆ ਹੈ। FAA ਨੇ ਕਿਹਾ ਸੀ ਕਿ ਇਹ ਹੋ ਸਕਦਾ ਹੈ ਕਿ ਈਰਾਨ ਦੇ ਹਵਾਈ ਖੇਤਰ ਵਿੱਚ ਭੁਲੇਖੇ ਨਾਲ ਕੋਈ ਵਪਾਰਕ ਹਵਾਈ ਜਹਾਜ਼ ਵੀ ਨਿਸ਼ਾਨਾ ਬਣ ਸਕਦਾ ਹੈ।
ਇਸੇ ਕਾਰਨ ਭਾਰਤ ਨੇ ਹੀ ਨਹੀਂ, ਸਗੋਂ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ਾਂ ਦੀਆਂ ਪ੍ਰਮੁੱਖ ਏਅਰਲਾਈਨਜ਼ ਨੇ ਈਰਾਨ ਦੇ ਪ੍ਰਭਾਵਿਤ ਇਲਾਕੇ ਦੇ ਉੱਪਰੋਂ ਲੰਘਣ ਵਾਲੀਆਂ ਆਪੋ–ਆਪਣੀਆਂ ਸਾਰੀਆਂ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ।
ਇੱਥੇ ਵਰਨਣਯੋਗ ਹੈ ਕਿ ਈਰਾਨ ਤੇ ਅਮਰੀਕਾ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਤਣਾਅ ਪਾਇਆ ਜਾ ਰਿਹਾ ਹੈ। ਫ਼ੌਜੀ ਗਤੀਵਿਧੀਆਂ ਬਹੁਤ ਜ਼ਿਆਦਾ ਵਧ ਗਈਆਂ ਹਨ ਤੇ ਇਸ ਦੇ ਨਾਲ ਹੀ ਸਿਆਸੀ ਤਣਾਅ ਵੀ ਵਧਦੇ ਜਾ ਰਹੇ ਹਨ।
ਬੀਤੇ ਦਿਨੀਂ ਈਰਾਨੀ ਫ਼ੌਜਾਂ ਨੇ ਅਮਰੀਕਾ ਦੇ ਇੱਕ ਫ਼ੌਜੀ ਡ੍ਰੋਨ ਨੂੰ ਮਾਰ ਗਿਰਾਇਆ ਸੀ ਕਿਉਂਕਿ ਉਹ ਈਰਾਨੀ ਹਵਾਈ ਖੇਤਰ ਦੇ ਅੰਦਰ ਘੁਸ ਗਿਆ ਸੀ।
ਪਰ ਤਦ ਅਮਰੀਕਾ ਨੇ ਇਸ ਨੂੰ ਈਰਾਨ ਦੀ ਬਿਨਾ ਭੜਕਾਹਟ ਦੇ ਕੀਤਾ ਹਮਲਾ ਕਰਾਰ ਦਿੱਤਾ ਸੀ।