ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਪਿਛਲੇ ਸੀਜ਼ਨ ਦੀ ਲੈਅ ਨੂੰ ਜਾਰੀ ਰੱਖਦੇ ਹੋਏ ਨਵੇਂ ਸਾਲ ’ਚ ਇੰਡੀਆ ਓਪਨ ਦਾ ਖਿਤਾਬ ਜਿੱਤ ਕੇ ਅਭਿਆਨ ਦੀ ਜੇਤੂ ਸ਼ੁਰੂਆਤ ਕਰਨਾ ਚਾਹੁਣਗੇ।
ਕੋਰੋਨਾ ਮਹਾਮਾਰੀ ਕਾਰਨ ਦੋ ਵਾਰ ਰੱਦ ਹੋਣ ਤੋਂ ਬਾਅਦ ਇਹ ਟੂਰਨਾਮੈਂਟ ਹੋ ਰਿਹਾ ਹੈ ਪਰ ਇਸ ਦਾ ਆਯੋਜਨ ਦੇਸ਼ ’ਚ ਕੋਵਿਡ ਦੀ ਤੀਸਰੀ ਲਹਿਰ ਵਿਚ ਹੋ ਰਿਹਾ ਹੈ।
ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਨੀਤ ਤੇ ਯੁਗਲ ਖਿਡਾਰੀ ਧਰੁਵ ਰਾਵਤ ਟੂਰਨਾਮੈਂਟ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ ਪਰੀਖਣ ’ਚ ਪਾਜ਼ੇਟਿਵ ਪਾਏ ਜਾਣ ਕਾਰਨ ਟੂਰਨਾਮੈਂਟ ਤੋਂ ਹਟ ਗਏ ਹਨ। ਕੁਝ ਹੋਰ ਭਾਰਤੀ ਖਿਡਾਰੀਆਂ ਨੂੰ ਪਹਿਲੀ ਵਾਰ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਆਪਣੇ ਆਰਟੀ-ਪੀਸੀਆਰ ਪਰੀਖਣ ਦੀ ਰਿਪੋਰਟ ਦਾ ਇੰਤਜ਼ਾਰ ਹੈ ਤੇ ਦੁਬਾਰਾ ਪਾਜ਼ੇਟਿਵ ਨਤੀਜਾ ਆਉਣ ’ਤੇ ਉਨ੍ਹਾਂ ਨੂੰ ਬਾਹਰ ਹੋਣਾ ਪੈ ਸਕਦਾ ਹੈ।
ਸਿੰਧੂ ਤੇ ਸ਼੍ਰੀਕਾਂਤ ਤੋਂ ਇਲਾਵਾ ਨਵੇਂ ਵਿਸ਼ਵ ਚੈਂਪੀਅਨ ਲੋਹ ਕੀਨ ਯੂ, ਤਿੰਨ ਵਾਰ ਦੀ ਚੈਂਪੀਅਨ ਮੁਹੰਮਦ ਅਹਿਸਨ ਤੇ ਹੈਂਦਰਾ ਸੇਤੀਆਵਾਨ ਦੀ ਇੰਡੋਨੇਸ਼ੀਆ ਦੀ ਪੁਰਸ਼ ਡਬਲਜ਼ ਜੋੜੀ, ਮਲੇਸ਼ੀਆ ਦੇ ਖਿਡਾਰੀ ਯੂ ਸਿਨ ਤੇ ਤਿਓ ਈ ਯੀ ਇੰਦਰਾ ਗਾਂਧੀ ਸਟੇਡੀਅਮ ’ਚ ਦਰਸ਼ਕਾਂ ਦੀ ਗ਼ੈਰਮੌਜੂਦਗੀ ’ਚ ਹੋਣ ਵਾਲੇ ਟੂਰਨਾਮੈਂਟ ’ਚ ਚੁਣੌਤੀ ਪੇਸ਼ ਕਰਨਗੇ।
ਭਾਰਤੀ ਖਿਡਾਰੀਆਂ ’ਚ ਸਾਰਿਆਂ ਦੀ ਨਜ਼ਰਾਂ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਰਜਤ ਤੇ ਕਾਂਸਾ ਮੈਡਲ ਜੇਤੂ ਸ਼੍ਰੀਕਾਂਤ ਤੇ ਲਕਸ਼ੈ ਸੇਨ ’ਤੇ ਟਿਕੀਆਂ ਹੋਣਗੀਆਂ।