Haryana Politics: ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਗੱਠਜੋੜ ਬਾਰੇ ਬਣੀ ਹੋਈ ਬੇਯਕੀਨੀ ਉਤੇ ਤਨਜ਼ ਕੱਸਦਿਆਂ ਭਾਜਪਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ‘ਇੰਡੀਆ’ ਗੱਠਜੋੜ ਕੋਲ ਨਾ ਕੋਈ ਸੇਧ ਹੈ ਅਤੇ ਨਾ ਹੀ ਇਸ ਦੀ ਕੋਈ ਸੋਚ ਹੈ।
ਪਾਰਟੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਇਹ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਹੋ ਪਾਰਟੀਆਂ ਹਨ ਜਿਹੜੀਆਂ ਪੰਜਾਬ ਅਤੇ ਦਿੱਲੀ ਵਿਚ ਇਕ-ਦੂਜੇ ਦੇ ਖ਼ਿਲਾਫ਼ ਹਨ ਪਰ ਦੂਜੇ ਪਾਸੇ ਇਹ ਹਰਿਆਣਾ ਵਿਚ ਗੱਠਜੋੜ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਹਨ।
ਭਾਜਪਾ ਤਰਜਮਾਨ ਨੇ ਕਿਹਾ, ‘‘ਇੰਡੀ ਗੱਠਜੋੜ ਦਾ ਨਾ ਕੋਈ ਮਿਸ਼ਨ ਹੈ ਅਤੇ ਨਾ ਕੋਈ ਵਿਜ਼ਨ ਹੈ। ਉਨ੍ਹਾਂ ਦੀਆਂ ਆਪਣੀਆਂ ਲਾਲਸਾਵਾਂ ਹਨ ਅਤੇ ਉਹ ਆਪਣੇ ਭੰਬਲਭੂਸੇ ਵਿਚ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨਾਲ ਕਿੜ੍ਹ ਹੈ। ਉਹ ਆਪਣੇ ਭ੍ਰਿਸ਼ਟਾਚਾਰ ਨੂੰ ਲੁਕਾਉਣਾ ਚਾਹੁੰਦੀਆਂ ਹਨ। ਇਸੇ ਕਾਰਨ ਉਹ ਕੁਝ ਥਾਵਾਂ ਉਤੇ ਗੱਠਜੋੜ ਕਰਦੀਆਂ ਹਨ, ਜਿਹੜੇ ਬਾਅਦ ਵਿਚ ਟੁੱਟ ਜਾਂਦੇ ਹਨ। ਪੰਜਾਬ ਵਿਚ ਆਪ ਅਤੇ ਕਾਂਗਰਸ ਇਕ ਦੂਜੀ ਦੇ ਖ਼ਿਲਾਫ਼ ਹਨ। ਦਿੱਲੀ ਵਿਚ ਉਹ ਪਹਿਲਾਂ ਇਕੱਠੀਆਂ ਸਨ। ਪਰ ਹੁਣ (ਦੋਵਾਂ ਪਾਰਟੀਆਂ ਵਿਚ) ਹਰਿਆਣਾ ਸਬੰਧੀ ਬੇਯਕੀਨੀ ਬਣੀ ਹੋਈ ਹੈ।’’
ਦੱਸਣਯੋਗ ਹੈ ਕਿ ‘ਆਪ’ ਅਤੇ ਕਾਂਗਰਸ ਵੱਲੋਂ ‘ਕੌਮੀ ਹਿੱਤਾਂ’ ਦੇ ਹਵਾਲੇ ਨਾਲ ਹਰਿਆਣਾ ਵਿਚ ਗੱਠਜੋੜ ਦੀਆਂ ਕੋਸ਼ਿਸ਼ਾਂ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਹਾਲੇ ਇਸ ਸਬੰਧੀ ਕੋਈ ਸਾਫ਼ ਤਸਵੀਰ ਉੱਭਰ ਕੇ ਨਹੀਂ ਆਈ। ਸੂਬੇ ਵਿਚ ਵਿਧਾਨ ਸਭਾ ਚੋਣ 5 ਅਕਤੂਬਰ ਨੂੰ ਹੋਣੀ ਹੈ ਅਤੇ ਕਾਗਜ਼ ਭਰਨ ਦੀ ਆਖ਼ਰੀ ਤਰੀਕ 12 ਸਤੰਬਰ ਹੈ।