ਇੰਡੀਗੋ ਏਅਰਲਾਈਨਜ਼ ਨੇ ਦਿੱਲੀ ਤੋਂ ਵਾਰਾਨਸੀ ਜਾ ਰਹੀ ਉਡਾਣ ਵਿੱਚ ਸਵਾਰ ਯਾਤਰੀਆਂ ਨੂੰ ਏਸੀ ਸਿਸਟਮ ਵਿੱਚ ਨੁਕਸ ਪੈਣ ਕਾਰਨ ਦਰਪੇਸ਼ ਸਮੱਸਿਆਵਾਂ ਅਤੇ ਜਹਾਜ਼ ਵਿੱਚ ਅਫਰਾ-ਤਫਰੀ ਵਾਲਾ ਮਾਹੌਲ ਪੈਣਾ ਹੋਣ ਦੇ ਮਾਮਲੇ ’ਤੇ ਅੱਜ ਮੁਆਫ਼ੀ ਮੰਗ ਲਈ ਹੈ। ਏਅਰਲਾਈਨਜ਼ ਨੇ ਬਿਆਨ ਵਿੱਚ ਕਿਹਾ, ‘‘ਅਸੀਂ 5 ਸਤੰਬਰ ਨੂੰ ਦਿੱਲੀ ਤੋਂ ਵਾਰਾਨਸੀ ਜਾ ਰਹੀ ਉਡਾਣ 6ਈ 2235 ਵਿੱਚ ਯਾਤਰੀਆਂ ਨੂੰ ਆਈ ਸਮੱਸਿਆ ਲਈ ਅਫਸੋਸ ਪ੍ਰਗਟ ਕਰਦੇ ਹਾਂ।’’ ਪੂਰੇ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਇੰਡੀਗੋ ਦੇ ਸੂਤਰਾਂ ਨੇ ਕਿਹਾ ਕਿ ਏਸੀ ਠੀਕ ਢੰਗ ਨਾਲ ਕੰਮ ਕਰ ਰਿਹਾ ਸੀ ਪਰ ਤਾਪਮਾਨ ਵਿੱਚ ਬਦਲਾਅ ਕਾਰਨ ਕੈਬਿਨ ਗਰਮ ਹੋ ਗਿਆ ਅਤੇ ਯਾਤਰੀ ਘਬਰਾ ਗਏ। ਘਟਨਾ ਦੀ ਵੀਡੀਓ, ਜੋ ਉਡਾਣ 6ਈ 2235 ਵਿੱਚ ਵੀਰਵਾਰ ਨੂੰ ਵਾਪਰੀ ਸੀ, ਯਾਤਰੀ ਬਹੁਤ ਅਸਹਿਜ ਨਜ਼ਰ ਆ ਰਹੇ ਹਨ। ਕਥਿਤ ਤੌਰ ’ਤੇ ਜ਼ਿਆਦਾ ਗਰਮੀ ਅਤੇ ਦਮ ਘੁੱਟਣ ਕਾਰਨ ਕਈ ਯਾਤਰੀ ਬੇਹੋਸ਼ ਹੋ ਗਏ, ਜਦਕਿ ਕੁੱਝ ਮੈਗਜ਼ੀਨ ਰਾਹੀਂ ਖੁਦ ਨੂੰ ਹਵਾ ਝੱਲਦੇ ਨਜ਼ਰ ਆ ਰਹੇ ਹਨ।