ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਇੱਕ ਦੇਸ਼, ਇੱਕ ਚੋਣ’ ਨੂੰ ਲੈ ਕੇ ਦੇਸ਼ ’ਚ ਜਾਰੀ ਬਹਿਸ ਨੂੰ ਭਾਰਤ ਦੀ ਜਮਹੂਰੀ ਪ੍ਰਕਿਰਿਆ ਲਈ ‘ਅਹਿਮ’ ਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਵਿਸ਼ਾ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤੇ ਇਸ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।
ਕੌਮੀ ਰਾਜਧਾਨੀ ਦਿੱਲੀ ਸਥਿਤ ਕਰਿਆਪਾ ਪਰੇਡ ਮੈਦਾਨ ’ਚ ਐੱਨਸੀਸੀ ਦੀ ਸਾਲਾਨਾ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਆਜ਼ਾਦੀ ਮਗਰੋਂ ਕਾਫੀ ਸਮੇਂ ਤੱਕ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੁੰਦੀਆਂ ਰਹੀਆਂ ਪਰ ਫਿਰ ਇਹ ਲੜੀ ਟੁੱਟ ਗਈ ਜਿਸ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ, ‘ਹਰ ਚੋਣ ਸਮੇਂ ਵੋਟਰ ਸੂਚੀ ਅਪਡੇਟ ਹੁੰਦੀ ਹੈ, ਬਹੁਤ ਸਾਰੇ ਕੰਮ ਹੁੰਦੇ ਹਨ ਅਤੇ ਇਸ ਵਿੱਚ ਅਕਸਰ ਸਾਡੇ ਅਧਿਆਪਕਾਂ ਦੀ ਡਿਊਟੀ ਲਗਦੀ ਹੈ ਜਿਸ ਕਾਰਨ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਵਾਰ ਵਾਰ ਹੋਣ ਵਾਲੀਆਂ ਚੋਣਾਂ ਕਾਰਨ ਸ਼ਾਸਨ ’ਚ ਵੀ ਮੁਸ਼ਕਿਲਾਂ ਆਉਂਦੀਆਂ ਹਨ।’ ਉਨ੍ਹਾਂ ਕਿਹਾ ਕਿ ਇਸ ਲਈ ਦੇਸ਼ ’ਚ ‘ਇੱਕ ਦੇਸ਼, ਇੱਕ ਚੋਣ’ ਬਾਰੇ ਬਹਿਸ ਚੱਲ ਰਹੀ ਹੈ ਅਤੇ ਲੋਕ ਆਪੋ-ਆਪਣੇ ਵਿਚਾਰ ਰੱਖ ਰਹੇ ਹਨ।
ਗਣਤੰਤਰ ਦਿਵਸ ਦੀਆਂ ਵਧਾਈਆਂ ਲਈ ਮੋਦੀ ਵੱਲੋਂ ਆਲਮੀ ਆਗੂਆਂ ਦਾ ਧੰਨਵਾਦ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 76ਵੇਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਲਈ ਅੱਜ ਦੁਨੀਆ ਦੇ ਕਈ ਅਹਿਮ ਆਗੂਆਂ ਦਾ ਸ਼ੁਕਰੀਆ ਕੀਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦਾ ਸ਼ੁਕਰੀਆ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਗਣਤੰਤਰ ਦਿਵਸ ਪਰੇਡ ’ਚ ਉਨ੍ਹਾਂ ਦੀ ਮੌਜੂਦਗੀ ਦੋਵਾਂ ਮੁਲਕਾਂ ਦੀ ਰਣਨੀਤਕ ਭਾਈਵਾਲੀ ਤੇ ਸਥਾਈ ਦੋਸਤੀ ਲਈ ਅਹਿਮ ਮੌਕਾ ਸੀ। ਇੱਕ ਹੋਰ ਪੋਸਟ ’ਚ ਮੋਦੀ ਨੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਦਾ ਧੰਨਵਾਦ ਕਰਦਿਆਂ ਕਿਹਾ, ‘ਮੈਨੂੰ ਪੂਰਾ ਯਕੀਨ ਹੈ ਕਿ ਲੋਕਤੰਤਰ ’ਚ ਸਾਂਝੇ ਵਿਸ਼ਵਾਸ ਤੇ ਆਸਥਾ ’ਤੇ ਆਧਾਰਿਤ ਭਾਰਤ ਤੇ ਆਇਰਲੈਂਡ ਵਿਚਾਲੇ ਦੋਸਤੀ ਦੇ ਸਥਾਈ ਰਿਸ਼ਤੇ ਆਉਣ ਵਾਲੇ ਸਮੇਂ ’ਚ ਹੋਰ ਮਜ਼ਬੂਤ ਹੋਣਗੇ।’ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੀ ਹਾਜ਼ਰੀ ’ਚ ਕਰਤੱਵਿਆ ਪਥ ’ਤੇ 76ਵੇਂ ਗਣਤੰਤਰ ਦਿਵਸ ਸਮਾਗਮ ’ਚ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਵੰਨ-ਸੁਵੰਨਤਾ, ਫੌਜੀ ਤਾਕਤ, ਆਰਥਿਕ ਪ੍ਰਗਤੀ ਅਤੇ ਵਿਗਿਆਨ ਤੇ ਤਕਨੀਕ ਜਿਹੇ ਖੇਤਰਾਂ ’ਚ ਕੀਤੀ ਗਈ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ ਗਿਆ। ਮੋਦੀ ਨੇ ਬੀਤੇ ਦਿਨ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ, ਥਾਈਲੈਂਡ ਦੀ ਪ੍ਰਧਾਨ ਮੰਤਰੀ ਪੇਟੌਂਗਟਾਰਨ ਸ਼ਿਨਾਵਾਤਰਾ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਦਾ ਗਣਤੰਤਰ ਦਿਵਸ ਦੀ ਵਧਾਈ ਦੇਣ ਲਈ ਧੰਨਵਾਦ ਕੀਤਾ ਸੀ।