ਮੁੱਲਾਂਪੁਰ ਗਰੀਬਦਾਸ-‘ਘਰ ਬਚਾਉ ਮੰਚ’ ਨਵਾਂ ਗਰਾਉਂ ਦੇ ਸਮੂਹ ਮੈਂਬਰਾਂ, ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਸਣੇ ਹੋਰਨਾਂ ਲੋਕਾਂ ਨੇ ਅੱਜ ਪੰਜਾਬ ਤੇ ਚੰਡੀਗੜ੍ਹ ਦੀ ਹੱਦ ਕੋਲ ਨਵਾਂ ਗਰਾਉਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਮੰਚ ਦੇ ਚੇਅਰਮੈਨ ਭਾਜਪਾ ਆਗੂ ਵਨੀਤ ਜੋਸ਼ੀ ਨੇ ਕਿਹਾ ਕਿ ਈਕੋ ਸੰਵੇਦਨਸ਼ੀਲ ਜ਼ੋਨ ਤਹਿਤ ਏਰੀਏ ਨੂੰ ਸੌ ਮੀਟਰ ਤੋਂ ਵਧਾ ਕੇ ਤਿੰਨ ਸੌ ਮੀਟਰ ਵਧਾਉਣ ਦੇ ਮਤੇ ਖ਼ਿਲਾਫ਼ ਅੱਜ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਵੱਡੀ ਗਿਣਤੀ ਲੋਕਾਂ ਦਾ ਉਜਾੜਾ ਹੋਵੇਗਾ। ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਹੈ ਕਿ ਇਸ ਮਤੇ ਨੂੰ ਰੱਦ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਗੁਰਧਿਆਨ ਸਿੰਘ ਕਰੌਰਾਂ ਅਤੇ ਨਵਾਂ ਗਰਾਉਂ ਮੰਡਲ ਪ੍ਰਧਾਨ ਜੋਗਿੰਦਰਪਾਲ ਨੇ ਦੱਸਿਆ ਕਿ ਜਦੋਂ ਗੁਰਦੁਆਰਾ ਬੜ ਸਾਹਿਬ ਦੇ ਸਾਹਮਣੇ ਤੋਂ ਲੋਕ ਮੁੱਖ ਮੰਤਰੀ ਦੀ ਚੰਡੀਗੜ੍ਹ ਵਾਲੀ ਕੋਠੀ ਵੱਲ ਜਾਣ ਲੱਗੇ ਤਾਂ ਉੱਥੇ ਤਾਇਨਾਤ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕ ਲਿਆ। ਇਸ ਦੌਰਾਨ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਕਾਰ ਥੋੜ੍ਹੀ ਖਿੱਚ-ਧੂਹ ਵੀ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਅੱਗੇ ਨਾ ਜਾਣ ਦੇਣ ਤੋਂ ਖ਼ਫ਼ਾ ਲੋਕ ਸੜਕ ’ਤੇ ਹੀ ਧਰਨਾ ਲਗਾ ਕੇ ਬੈਠ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਪਏ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਤਾ ਰੱਦ ਕੀਤਾ ਜਾਵੇ।
ਇਸ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਪੰਜਾਬ ਦੀ ਹੱਦ ’ਤੇ ਪੁਲੀਸ ਨੇ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਸੀ। ਇਸ ਕਾਰਨ ਲੋਕ ਕਰੀਬ ਦੋ ਘੰਟੇ ਜਾਮ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਇਸੇ ਦੌਰਾਨ ਐੱਸਡੀਐੱਮ ਗੁਰਮੰਦਰ ਸਿੰਘ ਨੇ ਲੋਕਾਂ ਦਾ ਮੰਗ ਪੱਤਰ ਲਿਆ ਅਤੇ ਲੋਕਾਂ ਨੂੰ ਭਰੋੋਸਾ ਦਿਵਾਇਆ ਕਿ ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਹੁੰਚਾ ਦਿੱਤਾ ਜਾਵੇਗਾ। ਮੰਗ ਪੱਤਰ ਦੇਣ ਮਗਰੋਂ ਲੋਕਾਂ ਨੇ ਧਰਨਾ ਖ਼ਤਮ ਕਰ ਦਿੱਤਾ।
ਇਸ ਮੌਕੇ ਭਾਜਪਾ ਆਗੂ ਸੁਭਾਸ਼ ਸ਼ਰਮਾ, ਨਵਾਂ ਗਰਾਉਂ ਮੰਡਲ ਪ੍ਰਧਾਨ ਜੋਗਿੰਦਰਪਾਲ, ਭਾਜਪਾ ਆਗੂ ਗੁਰਧਿਆਨ ਸਿੰਘ ਕਰੌਰਾਂ, ਦੀਪ ਢਿੱਲੋਂ, ਕੌਂਸਲਰ ਤੇ ਅਕਾਲੀ ਆਗੂ ਗੁਰਬਚਨ ਸਿੰਘ ਕਰੌਰਾਂ, ਸੀਨੀਅਰ ਭਾਜਪਾ ਆਗੂ ਚੌਧਰੀ ਅਰਜਨ ਸਿੰਘ ਕਾਂਸਲ, ਸਿੁਰੰਦਰ ਬੱਬਲ ਆਦਿ ਨੇ ਵੀ ਵਿਚਾਰ ਰੱਖੇ। ਗੁਰਦੁਆਰਾ ਬੜ ਸਾਹਿਬ ਨਵਾਂ ਗਰਾਉਂ ਦੀ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਗਾਇਆ ਗਿਆ।