ਵਾਰਾਣਸੀ- ਨਰਾਤਿਆਂ ਦੇ ਪਹਿਲੇ ਦਿਨ ਅੱਜ ਉੱਤਰ ਪ੍ਰਦੇਸ਼ ਦੇ ਸੰਭਲ, ਵਾਰਾਣਸੀ ਅਤੇ ਅਮੇਠੀ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰਾਂ ਵਿੱਚ ਮੱਥਾ ਟੇਕਿਆ, ਜਦਕਿ ਈਦ ਤੋਂ ਇੱਕ ਦਿਨ ਪਹਿਲਾਂ ਬਾਜ਼ਾਰਾਂ ਵਿੱਚ ਵੀ ਚਹਿਲ-ਪਹਿਲ ਨਜ਼ਰ ਆਈ। ਪਿਛਲੇ ਸਾਲ ਨਵੰਬਰ ਵਿੱਚ ਸੰਭਲ ਦੀ ਜਾਮਾ ਮਸਜਿਦ ਵਿੱਚ ਸਰਵੇਖਣ ਦੌਰਾਨ ਹੋਈ ਹਿੰਸਾ ਵਿੱਚ ਚਾਰ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਉੱਥੋਂ ਦੇ ਸੰਵੇਦਨਸ਼ੀਲ ਹਾਲਾਤ ਨੂੰ ਦੇਖਦਿਆਂ ਪੁਲੀਸ ਨੇ ਸੂਬੇ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।
ਸੰਭਲ ਵਿੱਚ ਆਲ ਇੰਡੀਆ ਇੰਡਸਟਰੀ ਟਰੇਡ ਬੋਰਡ ਦੇ ਪ੍ਰਧਾਨ ਅਹਿਤੇਸ਼ਾਮ ਅਹਿਮਦ ਨੇ ਦੱਸਿਆ, ‘ਈਦ ਕਰਕੇ ਬਾਜ਼ਾਰਾਂ ਵਿੱਚ ਭੀੜ ਹੈ। ਕਾਰੋਬਾਰ ਵਧ-ਫੁੱਲ ਰਿਹਾ ਹੈ ਅਤੇ ਵਿਕਰੀ ਵੀ ਚੰਗੀ ਹੋ ਰਹੀ ਹੈ।’ ਇਸੇ ਤਰ੍ਹਾਂ ਕੱਪੜਾ ਵਪਾਰੀ ਅਸਲਮ ਨੇ ਕਿਹਾ, ‘ਇਸ ਈਦ ’ਤੇ ਕਾਰੋਬਾਰ ਬਹੁਤ ਵਧੀਆ ਰਿਹਾ।’