Air India avoid Iran Airspace: ਨਵੀਂ ਦਿੱਲੀ: ਅਮਰੀਕਾ ਤੇ ਈਰਾਨ ਵਿੱਚ ਤਣਾਅ ਦਿਨੋਂ-ਦਿਨ ਵੱਧ ਰਿਹਾ ਹੈ. ਇਸ ਤਣਾਅ ਦਾ ਅਸਰ ਭਾਰਤ ਵਰਗੇ ਦੇਸ਼ਾਂ ‘ਤੇ ਵੀ ਪੈ ਰਿਹਾ ਹੈ । ਇਸ ਤਣਾਅ ਦੇ ਚੱਲਦਿਆਂ ਮਿਡਲ ਈਸਟ ਵਿੱਚ ਸੰਕਟ ਕਾਰਨ ਭਾਰਤੀ ਉਡਾਣਾਂ ਦਾ ਰਸਤਾ ਬਦਲਿਆ ਜਾ ਸਕਦਾ ਹੈ, ਜਿਸ ਕਾਰਨ ਯੂਰਪ, ਕੈਨੇਡਾ ਤੇ ਅਮਰੀਕਾ ਜਾਣ ਵਾਲੇ ਹਵਾਈ ਮੁਸਾਫਰਾਂ ਦੀ ਜੇਬ ‘ਤੇ ਹੋਰ ਬੋਝ ਵੱਧ ਸਕਦਾ ਹੈ । ਈਰਾਨ ਤੇ ਅਮਰੀਕਾ ਵਿੱਚ ਵੱਧ ਰਹੇ ਤਣਾਅ ਨੂੰ ਦੇਖਦੇ ਹੋਏ ਏਅਰ ਇੰਡੀਆ ਵੱਲੋਂ ਈਰਾਨ ਦੇ ਹਵਾਈ ਖੇਤਰ ਵਿਚੋਂ ਉਡਾਣ ਨਾ ਭਰਨ ਦਾ ਫੈਸਲਾ ਲਿਆ ਗਿਆ ਹੈ ।
ਦਰਅਸਲ, ਏਅਰ ਇੰਡੀਆ ਵੱਲੋਂ ਕੈਨੇਡਾ, ਯੂਰਪ ਤੇ ਅਮਰੀਕਾ ਦੇ 16 ਸ਼ਹਿਰਾਂ ਲਈ ਉਡਾਣਾਂ ਚਲਾਈਆਂ ਜਾਂਦੀਆਂ ਹਨ । ਈਰਾਨੀ ਹਵਾਈ ਖੇਤਰ ਵਿੱਚ ਪਾਬੰਦੀ ਕਾਰਨ ਹੁਣ ਇਨ੍ਹਾਂ ਉਡਾਣਾਂ ਨੂੰ ਪਾਕਿਸਤਾਨ, ਅਫਗਾਨਿਸਤਾਨ ਤੇ ਤੁਰਕਮੇਨਿਸਤਾਨ ਦੇ ਰਸਤਿਓਂ ਲਿਜਾਇਆ ਜਾਵੇਗਾ । ਜਿਸ ਕਾਰਨ ਉਡਾਣਾਂ ਦੇ ਸਮੇਂ ਵਿੱਚ 20 ਤੋਂ 40 ਮਿੰਟ ਦਾ ਵਾਧਾ ਤਾਂ ਹੋਵੇਗਾ ਹੀ, ਨਾਲ ਹੀ ਈਂਧਣ ਦਾ ਖਰਚ ਵੀ ਵਧੇਗਾ । ਜਿਸ ਕਾਰਨ ਮੁਸਾਫਰਾਂ ਨੂੰ ਹੋਰ ਖਰਚੇ ਦਾ ਸਾਹਮਣਾ ਪੈ ਸਕਦਾ ਹੈ ।
ਦੱਸ ਦੇਈਏ ਕਿ ਇਸ ਸੰਕਟ ਕਾਰਨ ਸਿੰਗਾਪੁਰ ਏਅਰਲਾਈਨ, ਏਅਰ ਫਰਾਂਸ, ਏਅਰ ਕੈਨੇਡਾ, ਕੇ. ਐੱਲ. ਐੱਮ. ਤੇ ਬ੍ਰਿਟਿਸ਼ ਏਅਰਵੇਜ਼ ਨੇ ਵੀ ਈਰਾਨ ਦੇ ਹਵਾਈ ਖੇਤਰ ਤੋਂ ਦੂਰ ਰਹਿਣ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਇੰਡੀਗੋ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਤੇ ਈਰਾਨ ਵਿੱਚ ਵੱਧ ਰਹੇ ਤਣਾਅ ਦਾ ਉਸ ‘ਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਦੀਆਂ ਉਡਾਣਾਂ ਈਰਾਨ ਤੇ ਇਰਾਕ ਦੇ ਹਵਾਈ ਖੇਤਰ ਵਿਚੋਂ ਨਹੀਂ ਲੰਘਦੀਆਂ ।