ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਈਰਾਨ, ਚੀਨ ਅਤੇ ਅਫ਼ਗਾਨਿਸਤਾਨ ‘ਤੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਸਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਈਰਾਨ ਪਰਮਾਣੂ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਦਾ ਈਮਾਨਦਾਰੀ ਨਾਲ ਪਾਲਣ ਕਰਦਾ ਹੈ ਤਾਂ ਅਮਰੀਕਾ ਸਮਝੌਤੇ ਨਾਲ ਦੁਬਾਰਾ ਜੁੜਨ ਲਈ ਤਿਆਰ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਅਤੇ ਅਫ਼ਗਾਨ ਵਿਚਕਾਰ ਸ਼ਾਂਤੀ ਵਾਰਤਾ ਜਾਰੀ ਰੱਖਣ ਦੇ ਲਈ ਕਿਹਾ ਗਿਆ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਚਾਹੁੰਦੇ ਹਨ ਕਿ ਈਰਾਨ ਨਾਲ ਪਰਮਾਣੂ ਸਮਝੌਤੇ ‘ਤੇ ਸਥਿਤੀਆਂ ਪੂਰੀ ਤਰ੍ਹਾਂ ਨਾਲ ਸਾਫ਼ ਹੋਣੀਆਂ ਚਾਹੀਦੀਆਂ ਹਨ। ਈਰਾਨ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਨਾਲ ਮੰਨਦਾ ਹੈ ਤਾਂ ਅਮਰੀਕਾ ਵੀ ਉਸੇ ਰਸਤੇ ‘ਤੇ ਚੱਲੇਗਾ। ਇਸ ਮੰਚ ਨੂੰ ਮਿੱਤਰ ਅਤੇ ਸਹਿਯੋਗੀ ਦੇਸ਼ਾਂ ਨਾਲ ਮਜ਼ਬੂਤੀ ਦਿੰਦੇ ਹੋਏ ਈਰਾਨ ਨਾਲ ਚੱਲ ਰਹੀਆਂ ਹੋਰ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜੇ ਅਸੀਂ ਉਸ ਸਥਾਨ ‘ਤੇ ਹਾਂ ਜਿੱਥੇ ਲੰਬਾ ਰਸਤਾ ਤੈਅ ਕਰਨਾ ਹੈ ਅਤੇ ਈਰਾਨ ਨੂੰ ਕਈ ਮੋਰਚਿਆਂ ‘ਤੇ ਆਪਣੀ ਪ੍ਰਤੀਬੱਧਤਾ ਦਿਖਾਉਣੀ ਹੈ। ਜੇਕਰ ਈਰਾਨ ਸਮਝੌਤੇ ‘ਤੇ ਵਾਪਸ ਪਰਤਣਾ ਚਾਹੁੰਦਾ ਹੈ ਤਾਂ ਅਸੀਂ ਇਸ ਮੁੱਦੇ ‘ਤੇ ਇਕ ਮਜ਼ਬੂਤ ਟੀਮ ਬਣਾ ਕੇ ਇਸ ਮੁੱਦੇ ਦੇ ਵੱਖ-ਵੱਖ ਦਿ੍ਸ਼ਟੀਕੋਣ ‘ਤੇ ਵਿਚਾਰ ਕਰਾਂਗੇ।
ਅਮਰੀਕੀ ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਲਈ ਨਿਯੁਕਤ ਵਿਸ਼ੇਸ਼ ਦੂਤ ਜ਼ਾਲਮੇ ਖਲੀਲਜ਼ਾਦ ਨੂੰ ਕਿਹਾ ਹੈ ਕਿ ਉਹ ਅਫ਼ਗਾਨ-ਤਾਲਿਬਾਨ ਵਿਚਕਾਰ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਜਾਰੀ ਰੱਖਣ। ਤਾਲਿਬਾਨ ਨਾਲ ਹੋਏ ਸਮਝੌਤੇ ਵਿਚ ਅਸੀਂ ਦੇਖ ਰਹੇ ਹਾਂ ਕਿ ਹੁਣ ਤਕ ਦੋਵਾਂ ਪਾਸਿਉਂ ਸਮਝੌਤੇ ਦੀਆਂ ਸ਼ਰਤਾਂ ਨੂੰ ਕਿਸ ਪੱਧਰ ਤਕ ਪੂਰਾ ਕੀਤਾ ਗਿਆ।
ਚੀਨ ਦੇ ਮੁੱਦੇ ‘ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ਮੌਜੂਦਾ ਸਮੇਂ ਪੌਣਪਾਣੀ ਪਰਿਵਰਤਨ ਦਾ ਮੁੱਦਾ ਵਿਸ਼ਵ ਲਈ ਮਹੱਤਵਪੂਰਣ ਹੈ ਅਤੇ ਅਮਰੀਕਾ ਅਤੇ ਚੀਨ ਇਸ ਮੁੱਦੇ ‘ਤੇ ਇਕੱਠੇ ਕੰਮ ਕਰ ਸਕਦੇ ਹਨ। ਅਮਰੀਕਾ ਅਤੇ ਚੀਨ ਦੇ ਰਿਸ਼ਤੇ ਸਭ ਤੋਂ ਜ਼ਿਆਦਾ ਮਹੱਤਵਪੂਰਣ ਹਨ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੁਝ ਅੜਿੱਕੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਕੁਝ ਮੁਕਾਬਲੇਬਾਜ਼ੀ ਅਤੇ ਕੁਝ ਸਹਿਯੋਗਾਤਮਕ ਸਥਿਤੀਆਂ ਹਨ।