ਤਹਿਰਾਨ : 1979 ‘ਚ ਹੋਈ ਇਸਲਾਮਿਕ ਕ੍ਰਾਂਤੀ ਦਾ ਜਸ਼ਨ ਮਨਾ ਰਹੇ ਈਰਾਨ ਨੇ ਸ਼ਨਿਚਰਵਾਰ ਨੂੰ 1350 ਕਿਲੋਮੀਟਰ ਤੋਂ ਵੱਧ ਦੂਰੀ ਤਕ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਨ ਦਾ ਐਲਾਨ ਕੀਤਾ। ਸਰਕਾਰੀ ਟੀਵੀ ਚੈਨਲ ‘ਤੇ ਪ੍ਰੀਖਣ ਦੇ ਵਿਖਾਏ ਜਾ ਰਹੇ ਫੁਟੇਜ ਦਾ ਹਵਾਲਾ ਦਿੰਦਿਆਂ ਰੱਖਿਆ ਮੰਤਰੀ ਆਮਿਰ ਹਤਾਮੀ ਨੇ ਕਿਹਾ, ‘ਹੋਵਿਜ ਕਰੂਜ਼ ਮਿਜ਼ਾਈਲ ਦਾ 1200 ਕਿਮੀ ਦੂਰੀ ਤਕ ਸਫਲਤਾ ਨਾਲ ਪ੍ਰੀਖਣ ਕੀਤਾ ਗਿਆ ਤੇ ਇਸ ਨੇ ਨਿਰਧਾਰਤ ਟੀਚੇ ‘ਤੇ ਸਹੀ ਨਿਸ਼ਾਨਾ ਲਾਇਆ। ਇਸ ਨੂੰ ਲੜਾਈ ਲਈ ਜਿੱਥੇ ਘੱਟੋ ਘੱਟ ਸਮੇਂ ‘ਚ ਤਿਆਰ ਕੀਤਾ ਜਾ ਸਕਦਾ ਹੈ ਉੱਥੇ ਇਹ ਬਹੁਤ ਘੱਟ ਉਚਾਈ ‘ਤੇ ਉਡਾਣ ਭਰ ਸਕਦੀ ਹੈ।’ ਹਤਾਮੀ ਨੇ ਕਿਹਾ ਕਿ ਇਹ ਕਰੂਜ਼ ਮਿਜ਼ਾਈਲ ਸੋਮਾਰ ਸਮੂਹ ਦਾ ਹਿੱਸਾ ਹੈ, ਜਿਸ ਨੂੰ 2015 ‘ਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਮਿਜ਼ਾਈਲ ਦੀ ਮਾਰਕ ਸਮਰੱਥਾ 700 ਕਿਲੋਮੀਟਰ ਸੀ। ਰੱਖਿਆ ਮੰਤਰੀ ਨੇ ਇਸ ਕਰੂਜ਼ ਮਿਜ਼ਾਈਲ ਨੂੰ ਇਸਲਾਮਿਕ ਰਿਪਬਲਿਕ ਆਫ ਈਰਾਨ ਦੀ ਸੁਰੱਖਿਆ ਦਾ ਪ੍ਮੁੱਖ ਹਥਿਆਰ ਦੱਸਿਆ।
ਅਸਲ ‘ਚ ਈਰਾਨ ਨੇ ਇਜ਼ਰਾਈਲ ਤੇ ਮੱਧ ਪੂਰਬ ਸਥਿਤ ਪੱਛਮੀ ਟਿਕਾਣਿਆਂ ਤੋਂ ਹੋਣ ਵਾਲੇ ਹਮਲਿਆਂ ਦੇ ਮੱਦੇਨਜ਼ਰ ਆਪਣੀਆਂ ਮਿਜ਼ਾਈਲਾਂ ਦੀ ਮਾਰਕ ਸਮਰੱਥਾ ਨੂੰ 2000 ਕਿਲੋਮੀਟਰ ਤਕ ਸੀਮਤ ਕੀਤਾ ਹੈ, ਪਰ ਵਾਸ਼ਿੰਗਟਨ ਤੇ ਉਸ ਦੇ ਸਹਿਯੋਗੀਆਂ ਨੇ ਤਹਿਰਾਨ ‘ਤੇ ਹਥਿਆਰਾਂ ਦੀ ਹੋੜ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ, ਜਿਸ ਨਾਲ ਯੂਰਪ ਨੂੰ ਵੀ ਖ਼ਤਰਾ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦੇਸ਼ ਦੇ ਸਰਬੋਤਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਐਡਮਿਰਲ ਅਲੀ ਸ਼ਮਖਾਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਈਰਾਨ ਦਾ ਆਪਣੀਆਂ ਮਿਜ਼ਾਈਲਾਂ ਦੀ ਮਾਰੂ ਸਮਰੱਥਾ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ।