ਇੱਥੇ ਓਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਅੱਜ ਸ਼ਰਾਰਤੀ ਅਨਸਰਾਂ ਵੱਲੋਂ ਕੁੱਝ ਥਾਵਾਂ ’ਤੇ ਰੇਲਵੇ ਪਟੜੀਆਂ ਪੁੱਟ ਦਿੱਤੀਆਂ ਗਈਆਂ ਅਤੇ ਕੁੱਝ ਥਾਈਂ ਅੱਗ ਲਾਉਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਹਾਈ ਸਪੀਡ ਰੇਲ ਨੈੱਟਵਰਕ ਦਾ ਨੁਕਸਾਨ ਕੀਤਾ ਗਿਆ। ਇਸ ਤਰ੍ਹਾਂ ਫਰਾਂਸ ਅਤੇ ਯੂਰਪ ਦੇ ਬਾਕੀ ਹਿੱਸਿਆਂ ਤੋਂ ਪੈਰਿਸ ਦੀ ਯਾਤਰਾ ਕਰ ਰਹੇ ਅਥਲੀਟਾਂ ਸਣੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਰਾਂਸ ਦੇ ਅਧਿਕਾਰੀਆਂ ਨੇ ਇਨ੍ਹਾਂ ਹਮਲਿਆਂ ਨੂੰ ‘ਅਪਰਾਧਿਕ ਕਾਰਵਾਈਆਂ’ ਕਰਾਰ ਦਿੱਤਾ ਅਤੇ ਇਸ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਪਰਾਧਾਂ ਵਿਚ 15 ਤੋਂ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਉਦਘਾਟਨੀ ਸਮਾਗਮ ਤੋਂ ਪਹਿਲਾਂ ਅਟਲਾਂਟਿਕ, ਨੋਰਡ ਅਤੇ ਐੱਸਟ ਨੇੜੇ ਪਟੜੀਆਂ ਕੋਲ ਤਿੰਨ ਥਾਈਂ ਅੱਗ ਲੱਗਣ ਦੀ ਸੂਚਨਾ ਮਿਲੀ। ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਕਾਰਨ ਲੱਖਾਂ ਯਾਤਰੀ ਪ੍ਰਭਾਵਿਤ ਹੋਏ। ਜਰਮਨ ਖ਼ਬਰ ਏਜੰਸੀ ‘ਡੀਪੀਏ’ ਨੇ ਦੱਸਿਆ ਕਿ ਇਨ੍ਹਾਂ ਵਿੱਚ ਦੋ ਜਰਮਨ ਅਥਲੀਟ ਵੀ ਸ਼ਾਮਲ ਹਨ, ਜੋ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਲਈ ਪੈਰਿਸ ਜਾਣ ਵਾਲੀ ਰੇਲ ਗੱਡੀ ’ਚ ਸਵਾਰ ਸਨ ਪਰ ਇਨ੍ਹਾਂ ਘਟਨਾਵਾਂ ਕਾਰਨ ਉਨ੍ਹਾਂ ਨੂੰ ਬੈਲਜੀਅਮ ਵਾਪਸ ਜਾਣਾ ਪਿਆ। ਉਹ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕੇ। ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਮੁਲਜ਼ਮਾਂ ਦੀ ਭਾਲ ਕਰਨ ਦੀਆਂ ਹਦਾਇਤਾਂ ਕੀਤੀ ਗਈਆਂ ਹਨ। ਉਨ੍ਹਾਂ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।