ਚੰਡੀਗੜ੍ਹ : ਲੋਕ ਸਭਾ ਚੋਣ ਲੜਨ ਦੇ ਇੱਛੁਕ ਉਮੀਦਵਾਰ ਹੁਣ ਵੋਟਰਾਂ ਤੋਂ ਕੋਈ ਜਾਣਕਾਰੀ ਨਹੀਂ ਛੁਪਾ ਸਕਣਗੇ। ਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਉਮੀਦਵਾਰਾਂ ਦੇ ਫੌਜਦਾਰੀ ਮਾਮਲਿਆਂ ਦੀ ਮੁਕੰਮਲ ਜਾਣਕਾਰੀ ਅਖ਼ਬਾਰਾਂ ਵਿੱਚ ਨਸ਼ਰ ਕਰਨੀ ਪਵੇਗੀ। ਉਮੀਦਵਾਰ ਅਤੇ ਰਾਜਸੀ ਪਾਰਟੀਆਂ ਨੂੰ ਘੱਟੋ ਘੱਟ ਤਿੰਨ ਵਾਰ ਅਖ਼ਬਾਰ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਪੂਰੀ ਜਾਣਕਾਰੀ ਨਸ਼ਰ ਕਰਨੀ ਹੋਵੇਗੀ। ਇਸ ਤੋਂ ਇਲਾਵਾ ਨੌਕਰੀ ਦੇ ਵਾਧੇ ‘ਤੇ ਚੱਲ ਰਿਹਾ ਮੁਲਾਜ਼ਮ ਤੇ ਅਧਿਕਾਰੀ ਚੋਣ ਡਿਉਟੀ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਕਰਨਾ ਰਾਜੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਡਾਕਟਰ ਰਾਜੂ ਨੇ ਸਪੱਸ਼ਟ ਕੀਤਾ ਕਿ ਜੇਕਰ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਸੇਵਾ ਮੁਕਤ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਵੀ ਚੋਣ ਡਿਊਟੀ ਤੋਂ ਦੂਰ ਰੱਖਿਆ ਜਾਵੇਗਾ ।