ਪੰਜਾਬ ਗੁਰੂਆਂ, ਪੀਰਾਂ ਤੇ ਯੋਧਿਆਂ ਦੀ ਧਰਤੀ ਹੈ। ਇਸ ਮੁਕੱਦਸ ਧਰਤੀ ’ਤੇ ਆਕੇ ਵਿਸ਼ਵ ਜੇਤੂ ਸਿਕੰਦਰ ਦਾ ਝੂਲਦਾ ਝੰਡਾ ਵੀ ਰਾਜੇ ਪੋਰਸ ਦੇ ਜਜ਼ਬੇ ਅੱਗੇ ਝੁਕ ਗਿਆ ਸੀ। ਜਿਹੜੇ ਤਾਲਿਬਾਨ ਤੋਂ ਅੱਕ ਕੇ ਹੁਣ ਅਮਰੀਕਾ ਵੀ ਹਥਿਆਰ ਸੁੱਟ ਗਿਆ, ਓਹੀ ਅਫ਼ਗਾਨੀ ਹਰੀ ਸਿੰਘ ਨਲੂਏ ਦਾ ਨਾਂ ਸੁਣ ਥਰ-ਥਰ ਕੰਬਦੇ ਸਨ। ਇਸੇ ਪੰਜਾਬ ਨੇ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਹਿੰਦ-ਪਾਕਿ ਸਰਹੱਦ ਹੋਵੇ ਜਾਂ ਚੀਨ ਨਾਲ ਲਗਦੀ ਗਲਵਾਨ ਘਾਟੀ, ਪੰਜਾਬੀ ਦੇਸ਼ ਦੀ ਰੱਖਿਆ ਲਈ ਮੁੱਢਲੀਆਂ ਕਤਾਰਾਂ ’ਚ ਦੇਖਣ ਨੂੰ ਮਿਲਦੇ ਹਨ। ਪੰਜ ਦਰਿਆਵਾਂ ਦੀ ਜ਼ਰਖ਼ੇਜ਼ ਧਰਤੀ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਕਿਸੇ ਵੀ ਹਿੰਦੋਸਤਾਨੀ ਨੂੰ ਕਦੇ ਭੁੱਖਿਆ ਨਹੀਂ ਸੌਣ ਦਿੱਤਾ ਚਾਹੇ ਪੰਜਾਬ ਅੱਜ ਜ਼ਮੀਨੀ ਪਾਣੀ ਦੀ ਸਮੱਸਿਆ ਤੋਂ ਜੂਝ ਰਿਹਾ ਹੈ। ਇਸ ਧਰਤੀ ਨੇ ਕਈ ਅਜਿਹੇ ਖਿਡਾਰੀ ਵੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਸਾਰੀ ਦੁਨੀਆ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਪਰ ਪਤਾ ਨਹੀਂ ਕਿਉਂ ਟੀ.ਵੀ. ਚੈਨਲਾਂ ਤੇ ਕਈ ਫਿਲਮਾਂ ’ਚ ਪੰਜਾਬੀਆਂ ਦੇ ਕਿਰਦਾਰ ਤੇ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਅੱਖੋਂ ਪਰੋਖੇ ਕਰ ਕੇ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਬਾਲੀਵੁੱਡ ਵਾਲਿਆਂ ਨੇ ਤਾਂ ‘ਉੜਤਾ ਪੰਜਾਬ’ ਵਰਗੀ ਫਿਲਮ ਬਣਾ ਕੇ ਇਹ ਦਰਸਾਇਆ ਹੈ ਜਿਵੇਂ ਇੱਥੋਂ ਦਾ ਹਰ ਇੱਕ ਨੌਜਵਾਨ ਨਸ਼ਿਆਂ ਦਾ ਸਮੱਗਲਰ ਪਾਬਲੋ ਇਸਕੋਬਾਰ ਹੋਵੇ।
ਮੀਡੀਆ ਤੇ ਫਿਲਮਾਂ ਵਾਲਿਆਂ ਨੇ ਸਾਡੀ ਪੰਜਾਂ ਦਰਿਆਵਾਂ ਦੀ ਪਵਿੱਤਰ ਧਰਤੀ ਨੂੰ ‘ਉੜਤਾ ਪੰਜਾਬ’ ਦਾ ਖ਼ਿਤਾਬ ਤਾਂ ਦੇ ਦਿੱਤਾ ਹੈ ਪਰ ਅਸਲ ਵਿਚ ਅਥਲੈਟਿਕਸ ਦੇ ਨਜ਼ਰੀਏ ਤੋਂ ‘ਉੜਤਾ ਪੰਜਾਬ’ ਕੀ ਹੈ, ਇਸ ਦੀ ਪੜਚੋਲ ਕਰੀਏ।
ਅਥਲੈਟਿਕਸ ’ਚ ਸ਼ੁਰੂ ਤੋਂ ਰਹੀ ਝੰਡੀ
ਸਾਰੀਆਂ ਖੇਡਾਂ ਦੀ ਮਾਂ ਕਹੀ ਜਾਣ ਵਾਲੀ ਅਥਲੈਟਿਕਸ ਦੀ ਗੱਲ ਕਰੀਏ ਤਾਂ ਭਾਰਤੀ ਟ੍ਰੈਕ ਐਂਡ ਫੀਲਡ ਦੇ ਇਤਿਹਾਸ ’ਚ ਪੰਜਾਬੀ ਗੱਭਰੂਆਂ ਦੀ ਮੁੱਢ ਤੋਂ ਹੀ ਝੰਡੀ ਰਹੀ ਹੈ। ਓਲੰਪਿਕ ਦੇ ਇਤਿਹਾਸ ’ਚ ਸਭ ਤੋਂ ਪਹਿਲਾਂ ਬਿ੍ਰਗੇਡੀਅਰ ਦਲੀਪ ਸਿੰਘ ਤੇ ਇਕ ਹੋਰ ਪੰਜਾਬੀ ਪਾਲਾ ਸਿੰਘ ਨੇ 1924 ਦੀਆਂ ਪੈਰਿਸ ਓਲੰਪਿਕ ਖੇਡਾਂ ਲਈ ਉਡਾਨ ਭਰੀ ਸੀ। ਇਨ੍ਹਾਂ ਦੋਵਾਂ ਨੇ ਪਹਿਲੇ ਭਾਰਤੀ ਸਿੱਖ ਓਲੰਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ।
ਟ੍ਰੈਕ ਦੀ ਕਿੰਗ ਈਵੈਂਟ ਕਹੀ ਜਾਣ ਵਾਲੀ 400 ਮੀਟਰ ਦੌੜ ’ਚ ਭਾਰਤ ਦਾ ਨਾਂ ‘ਉੱਡਣਾ ਸਿੱਖ’ ਮਿਲਖਾ ਸਿੰਘ ਨੇ ਹੀ ਚਮਕਾਇਆ ਸੀ, ਜਿਸ ਨੂੰ ਉਸ ਵੇਲੇ ਆਲਮੀ ਰਿਕਾਰਡ ਤੋੜਨ ਦਾ ਮਾਣ ਵੀ ਹਾਸਲ ਹੋਇਆ। ਉਸ ‘ਉੱਡਣਾ ਸਿੱਖ’ ਦਾ ਬਣਾਇਆ 400 ਮੀਟਰ ਦਾ ਕੌਮੀ ਰਿਕਾਰਡ ਚਾਰ ਦਹਾਕਿਆਂ ਬਾਅਦ ਵੀ ‘ਓੜਤਾ ਪੰਜਾਬ’ ਦੇ ਹੀ ਗੱਭਰੂ ਪਰਮਜੀਤ ਸਿੰਘ ਨੇ ਤੋੜਿਆ ਸੀ।
ਮਿਲਖਾ ਸਿੰਘ ਤੋਂ ਬਾਅਦ ਇਕ ਹੋਰ ਪੰਜਾਬੀ ਬਹੁਪੱਖੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਟ੍ਰੈਕ ਐਂਡ ਫੀਲਡ ਵਿੱਚ ਵਾਵਰੋਲੇ ਵਾਂਗੂ ਅਜਿਹਾ ਉੱਡਿਆ ਜਿਸ ਦੀ ਉਡਾਨ ਨੇ ਦੋ ਦਿਨਾਂ ’ਚ ਚਾਰ ਕੌਮੀ ਰਿਕਾਰਡ ਆਪਣੇ ਨਾਂ ਕਰ ਲਏ। ਉਸ ਨੇ ਉੱਚੀ ਛਾਲ, ਜੈਵਲਿਨ ਥ੍ਰੋ, 110 ਮੀਟਰ ਹਰਡਲਾਂ ਤੇ ਡੈਕਾਥਲਨ ’ਚ ਇਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ ਸੀ। 1961 ’ਚ ਗੁਰਬਚਨ ਸਿੰਘ ਰੰਧਾਵਾ ਟ੍ਰੈਕ ਐਂਡ ਫੀਲਡ ਦਾ ਪਹਿਲਾ ਅਰਜੁਨਾ ਅਵਾਰਡ ਹਾਸਿਲ ਕਰਨ ਵਾਲਾ ਅਥਲੀਟ ਬਣਿਆ। ਉਸ ਨੇ 1962 ਏਸ਼ਿਆਈ ਖੇਡਾਂ ’ਚ ਡੈਕਾਥਲਨ ਦਾ ਸੋਨ ਤਮਗਾ ਜਿੱਤ ਕੇ ਏਸ਼ਿਆਈ ‘ਆਇਰਨ ਮੈਨ’ ਹੋਣ ਦਾ ਮਾਣ ਵੀ ਹਾਸਲ ਕੀਤਾ। 1964 ਟੋਕੀਓ ਓਲੰਪਿਕ ’ਚ ਉਹ 110 ਮੀਟਰ ਹਰਡਲਾਂ ਉੱਪਰੋਂ ਅਜਿਹਾ ਉੱਡਿਆ ਕਿ ਉਸ ਨੇ 14.09 ਸਕਿੰਟ ਦਾ ਨਵਾਂ ਕੌਮੀ ਰਿਕਾਰਡ ਬਣਾ ਛੱਡਿਆ, ਜੋ ਅਗਲੇ 37 ਸਾਲ ਤਕ ਨੌਜਵਾਨਾਂ ਨੂੰ ਵੰਗਰਦਾ ਰਿਹਾ। ਉਸ ਦਾ ਇਹ ਕੀਰਤੀਮਾਨ ਤੋੜਨ ਦਾ ਮਾਣ ਵੀ ਗੁਰਪ੍ਰੀਤ ਸਿੰਘ ਨੂੰ ਮਿਲਿਆ ਜੋ ‘ਉੜਤਾ ਪੰਜਾਬ’ ਦੇ ਬਾਰਡਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ 1964 ਓਲੰਪਿਕਸ ਖੇਡਾਂ ’ਚ ਅਜਮੇਰ ਸਿੰਘ ਨੇ ਵੀ 400 ਮੀਟਰ ਦੌੜ ’ਚ ਸ਼ਿਰਕਤ ਕੀਤੀ ਸੀ। ਉਸ ਨੇ ਅੱਗੇ ਚੱਲ ਕੇ 1966 ਏਸ਼ਿਆਈ ਖੇਡਾਂ ’ਚ ਸੋਨ ਤਮਗਾ ਜਿੱਤਿਆ। ਕੁੱਲ ਹਿੰਦ ’ਚ ਉਹ ਆਪਣੇ ਸਮੇਂ ਦਾ ਇਕੱਲਾ ਅਜਿਹਾ ਅਥਲੀਟ ਸੀ, ਜੋ ਏਸ਼ਿਆਈ ਗੋਲਡ ਮੈਡਲ ਜੇਤੂ ਹੋਣ ਦੇ ਦੇ ਨਾਲ-ਨਾਲ ਸਰੀਰਕ ਸਿੱਖਿਆ ਦਾ ਪ੍ਰੋਫੈਸਰ ਤੇ ਖੇਡ ਡਾਇਰੈਕਟਰ ਰਿਹਾ। ਜਲੰਧਰ ਵਾਲੇ ਹੈਪੀ ਕੋਚ ਦੇ ਚੇਲੇ ਗੁਰਿੰਦਰਵੀਰ ਸਿੰਘ ਨੇ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2021 ’ਚ 100 ਮੀਟਰ ਦੌੜ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ। ਉਸ ਦੀ ਬਾਜ਼ ਵਰਗੀ ਉਡਾਣ ਨੇ 10.32 ਸਕਿੰਟ ਦਾ ਸਮਾਂ ਕੱਢਿਆ, ਜੋ 100 ਮੀਟਰ ਦੇ ਕੌਮੀ ਰਿਕਾਰਡ ਤੋਂ ਕੇਵਲ .08 ਮਾਈਕ੍ਰੋ ਸਕਿੰਟ ਘੱਟ ਰਿਹਾ।
ਰੇਸਵਾਕ ’ਚ ਵੀ ਪੰਜਾਬ ਦੇ ਜ਼ੋਰਾ ਸਿੰਘ ਤੇ ਹਾਕਮ ਸਿੰਘ ਨੇ ਆਪਣਾ ਲੋਹਾ ਮਨਵਾਇਆ ਸੀ। 1960 ਦੀਆਂ ਓਲੰਪਿਕ ਖੇਡਾਂ ’ਚ ਜ਼ੋਰਾ ਸਿੰਘ 50 ਕਿਲੋਮੀਟਰ ਰੇਸਵਾਕ ’ਚ ਅੱਠਵੇਂ ਸਥਾਨ ’ਤੇ ਰਿਹਾ ਸੀ। ਹਾਕਮ ਸਿੰਘ ਨੇ 1978 ਦੀਆਂ ਏਸ਼ਿਆਈ ਖੇਡਾਂ ਤੇ 1979 ਦੀ ਏਸ਼ੀਅਨ ਟ੍ਰੈਕ ਐਂਡ ਫੀਲਡ ਮੀਟ ’ਚ ਭਾਰਤ ਦਾ ਝੰਡਾ ਹਵਾ ’ਚ ਝੁਲਾਉਂਦਿਆ ਸੋਨਾ ਜਿੱਤਿਆ ਸੀ। 2012 ਲੰਡਨ ਓਲੰਪਿਕਸ ’ਚ ਬਲਜਿੰਦਰ ਸਿੰਘ ਨੇ 20 ਕਿਲੋਮੀਟਰ ਵਾਕ ’ਚ ਹਿੱਸਾ ਲਿਆ ਸੀ। ਇਸ ਵਾਰ ਟੋਕੀਓ ਓਲੰਪਿਕ ਖੇਡਾਂ ’ਚ ਵੀ ‘ਉੜਤਾ ਪੰਜਾਬ’ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ 20 ਕਿੱਲੋਮੀਟਰ ਵਾਕ ’ਚ ਸ਼ਿਰਕਤ ਕੀਤੀ ਸੀ। ਹੋਪ ਸਟੈੱਪ ਐਂਡ ਜੰਪ ਜਿਸ ਨੂੰ ਤੀਹਰੀ ਛਾਲ ਵੀ ਕਿਹਾ ਜਾਂਦਾ ਹੈ, ਵਿਚ ਬੈਂਕਾਕ 1970 ਏਸ਼ਿਆਈ ਖੇਡਾਂ ਦੌਰਾਨ ਮਹਿੰਦਰ ਸਿੰਘ ਗਿੱਲ ਨੇ ਤਿੰਨ ਪੁਲਾਂਘਾਂ ਭਰ ਸੋਨੇ ਦੇ ਤਗਮੇ ਨੂੰ ਹੱਥ ਪਾਇਆ ਸੀ। ਉਸ ਨੇ 1972 ਦੀਆਂ ਪ੍ਰੀ ਓਲੰਪਿਕ ਤੇ ਤਹਿਰਾਨ ਏਸ਼ਿਆਈ ਖੇਡਾਂ ਦੇ ਤੀਹਰੀ ਛਾਲ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਦੀ ਲੀਹ ’ਤੇ ਚੱਲਦਿਆਂ ਸਪੋਰਟਸ ਸਕੂਲ ਜਲੰਧਰ ਦੇ ਗੱਭਰੂ ਅਰਪਿੰਦਰ ਸਿੰਘ ਨੇ 2018 ’ਚ ਜਕਾਰਤਾ ਏਸ਼ਿਆਈ ਖੇਡਾਂ ਦੌਰਾਨ ਟਿ੍ਰਪਲ ਜੰਪ ਈਵੈਂਟ ’ਚ ਸੋਨ ਤਗਮਾ ਜਿੱਤ ਕੇ ਸਭ ਤੋਂ ਉੱਤੇ ਉੱਡਦੇ ਭਾਰਤੀ ਝੰਡੇ ਨੂੰ ਸਲਾਮੀ ਦਿੱਤੀ ਸੀ।
ਇਸੇ ਤਰ੍ਹਾਂ ਪੰਜਾਬ ਦੇ ਲੌਂਗ ਜੰਪਰ ਅੰਮਿ੍ਰਤਪਾਲ ਸਿੰਘ ਵੱਲੋਂ 2004 ’ਚ ਅਥਲੈਟਿਕਸ ਫੈਡਰੇਸ਼ਨ ਕੱਪ, ਨਵੀਂ ਦਿੱਲੀ ਵਿਖੇ ਲਾਈ ਉਡਾਣ ਨੇ ਤੀਹ ਸਾਲ ਪੁਰਾਣਾ ਕੌਮੀ ਰਿਕਾਰਡ ਤੋੜਦਿਆਂ 8.08 ਮੀਟਰ ਦਾ ਨਵਾਂ ਕੌਮੀ ਰਿਕਾਰਡ ਬਣਾਇਆ, ਜੋ ਸਾਲ 2013 ਤਕ ਕਾਇਮ ਰਿਹਾ ਸੀ।
ਸ਼ਾਟਪੁੱਟ ’ਚ ਵੀ ਖੱਟਿਆ ਨਾਮਣਾ
ਜੇ ਅਸੀਂ ਗੱਲ ਸ਼ਾਟਪੁੱਟ, ਡਿਸਕਸ, ਹੈਮਰ ਤੇ ਜੈਵਲਿਨ ਦੀ ਕਰੀਏ ਤਾਂ ਇਨ੍ਹਾਂ ਨੂੰ ਹਵਾ ’ਚ ਉਡਾਉਣ ਦਾ ਵੱਲ ਵੀ ਪੰਜਾਬੀਆਂ ਨੂੰ ਹੀ ਹੈ। 1951 ’ਚ ਪਹਿਲੀਆਂ ਏਸ਼ਿਆਈ ਖੇਡਾਂ ਦੌਰਾਨ ਪੰਜਾਬ ਦੇ ਮੱਖਣ ਸਿੰਘ ਨੇ ਡਿਸਕਸ ਨੂੰ ਉਡਾ ਕੇ ਸੋਨੇ ਦਾ ਮੈਡਲ ਆਪਣੇ ਗਲ ਪੁਆਇਆ। ਇਸੇ ਖੇਡਾਂ ਵਿਚ ਇਕ ਹੋਰ ਪੰਜਾਬੀ ਪਰਸਾ ਸਿੰਘ ਦੇ ਨੇਜ਼ੇ ਨੇ ਅਸਮਾਨ ਦੀ ਛਾਤੀ ਚੀਰਦਿਆਂ ਇਸ ਵਿੱਚੋਂ ਸੋਨਾ ਕੱਢਿਆ। 1954 ਮਨੀਲਾ ਏਸ਼ਿਆਈ ਖੇਡਾਂ ’ਚ ਪੰਜਾਬ ਦੇ ਪ੍ਰਦੂਮਣ ਸਿੰਘ ਬਰਾੜ ਨੇ ਗੋਲੇ ਤੇ ਡਿਸਕਸ ਨੂੰ ਹਵਾ ਵਿਚ ਉਡਾ ਕੇ ਦੋਵੇਂ ਮੁਕਾਬਲਿਆਂ ਅੰਦਰ ਸੋਨ ਤਮਗਾ ਜਿੱਤਿਆ ਸੀ। 1958 ਵਿਚ ਵੀ ਏਸ਼ਿਆਈ ਖੇਡਾਂ ’ਚ ਉਸ ਨੇ ਸੋਨ ਤਮਗਾ ਹਾਸਲ ਕੀਤਾ ਪਰ ਇਸ ਵਾਰ ਡਿਸਕਸ ਵਿਚ ‘ਉੜਤਾ ਪੰਜਾਬ’ ਦੇ ਇਕ ਹੋਰ ਗੱਭਰੂ ਬਲਕਾਰ ਸਿੰਘ ਨੇ ਬਾਜ਼ੀ ਮਾਰੀ ਤੇ ਬਰਾੜ ਨੂੰ ਕਾਂਸੀ ਦਾ ਤਮਗਾ ਹਾਸਲ ਹੋਇਆ। 1962 ਏਸ਼ਿਆਈ ਖੇਡਾਂ ’ਚ ਜੋਗਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਤੇ 1966 ਅਤੇ 1970 ਏਸ਼ਿਆਈ ਖੇਡਾਂ ਵਿਚ ਉਸ ਨੇ ਸੋਨੇ ਦੇ ਤਮਗੇ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ। ਇਸੇ ਤਰਜ਼ ’ਤੇ ਬਹਾਦਰ ਸਿੰਘ ਚੌਹਾਨ ਨੇ 1974 ਏਸ਼ਿਆਈ ਖੇਡਾਂ ਵਿਚ ਚਾਂਦੀ ਤੇ 1978 ਤੇ 1982 ਏਸ਼ਿਆਈ ਖੇਡਾਂ ਦੌਰਾਨ ਸ਼ਾਟਪੁੱਟ ਦਾ ਨਵਾਂ ਰਿਕਾਰਡ ਬਣਾ ਕੇ ਸੋਨੇ ਦੇ ਤਮਗੇ ਜਿੱਤੇ। ਬਹਾਦਰ ਸਿੰਘ ਚੌਹਾਨ ਤਕਰੀਬਨ 25 ਸਾਲ ਤੋਂ ਜ਼ਿਆਦਾ ਸਮਾਂ ਭਾਰਤੀ ਅਥਲੈਟਿਕਸ ਟੀਮ ਦਾ ਮੁੱਖ ਕੋਚ ਵੀ ਰਿਹਾ, ਜੋ ਆਪਣੇ ਆਪ ’ਚ ਇਕ ਰਿਕਾਰਡ ਹੈ। 1982 ਦੀਆਂ ਖੇਡਾਂ ਵਿਚ ਬਾਬਾ ਬਲਵਿੰਦਰ ਸਿੰਘ ਨੇ ਸ਼ਾਟਪੁੱਟ ’ਚ ਕਾਂਸੀ ਦਾ ਤਗਮਾ ਹਾਸਲ ਕੀਤਾ, ਜੋ ਇਸ ਵਕਤ ਪੰਜਾਬ ਯੂਨੀਵਰਸਿਟੀ ’ਚ ਅਥਲੈਟਿਕਸ ਦਾ ਕੋਚ ਹੈ। ਉਸ ਨੇ ਸ਼ਾਟਪੁੱਟ ’ਚ ਕਾਂਸੀ ਦਾ ਤਮਗਾ ਜਿੱਤਿਆ।
ਇੱਕੀਵੀਂ ਸਦੀ ਵਿਚ 2002 ਏਸ਼ਿਆਈ ਖੇਡਾਂ ਦੌਰਾਨ ਬਹਾਦਰ ਸਿੰਘ ਸੱਗੂ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। 2014 ਏਸ਼ਿਆਈ ਖੇਡਾਂ ਵਿਚ ਪੰਜਾਬ ਦੇ ਇੰਦਰਜੀਤ ਨੇ ਕਾਂਸੀ ਦਾ ਤਮਗਾ ਜਿੱਤਿਆਂ। ਜਕਾਰਤਾ ਏਸ਼ਿਆਈ ਖੇਡਾਂ ’ਚ ਤੇਜਿੰਦਰ ਤੂਰ ਨੇ ਰਿਕਾਰਡ ਥ੍ਰੋ ਲਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ ਤੇ ਟੋਕੀਓ ਓਲੰਪਿਕ ’ਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਵਾਰ ਦੀਆਂ ਓਲੰਪਿਕ ਖੇਡਾਂ ’ਚ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦੀ ਉੱਡਦੀ ਡਿਸਕਸ ਨੇ ਸਭ ਨੂੰ ਸੁੰਨ ਕਰ ਕੇ ਰੱਖ ਦਿੱਤਾ। ਵਿਬ ਨੰਬਰ ’ਤੇ ‘ਕੌਰ’ ਲਿਖਾ ਕੇ ਡਿਸਕਸ ਦੇ ਅਖਾੜੇ ’ਚ ੳੱੁਤਰੀ ਕਮਲਪ੍ਰੀਤ ਨੇ 6ਵਾਂ ਸਥਾਨ ਹਾਸਲ ਕਰ ਕੇ ਆਲਮੀ ਡਿਸਕਸ ਇਤਿਹਾਸ ’ਚ ਆਪਣਾ ਨਾਂ ਦਰਜ ਕਰਵਾ ਲਿਆ।
ਭਾਲਾ ਸੁੱਟਣ ਵਿਚ ਬੇਸ਼ੱਕ ਨੀਰਜ ਚੋਪੜਾ ਓਲੰਪਿਕ ’ਚੋਂ ਸੋਨੇ ਦਾ ਤਮਗਾ ਹਾਸਿਲ ਕਰ ਕੇ ਭਾਰਤ ਦਾ ਮਹਾਨਤਮ ਜੈਵਲਿਨ ਥ੍ਰੋਅਰ ਬਣ ਉੱਭਰਿਆ ਹੈ ਪਰ ਜਲੰਧਰ ਜ਼ਿਲ੍ਹੇ ਦੇ ਦਵਿੰਦਰ ਸਿੰਘ ਕੰਗ ਦੇ ਪ੍ਰਦਰਸ਼ਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕੰਗ ਨੇ 2017 ’ਚ 83.29 ਮੀਟਰ ਦੇ ਥ੍ਰੋ ਨਾਲ 2017 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ। ਉਹ 2017 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 84.22 ਮੀਟਰ ਦੀ ਥ੍ਰੋ ਨਾਲ ਜੈਵਲਿਨ ਥ੍ਰੋ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਸੀ।
ਹਾਂ ਸੱਚ !! ਬਾਕੀ ‘ਕਿ੍ਰਕਟ ਇਜ਼ ਏ ਰਿਲੀਜ਼ਨ ਇਨ ਇੰਡੀਆ’ ਕਹਿਣ ਵਾਲੇ ਕਿ੍ਰਕਟ ਦੇ ਭਗਤਾਂ ਨੂੰ 2007 ਟੀ-20 ਵਿਸ਼ਵ ਕੱਪ ਦੌਰਾਨ ਯੁਵਰਾਜ ਸਿੰਘ ਦੇ ਬੱਲੇ ਤੋਂ ਉਡਾਏ ਗਏ ਛੇ ਛੱਕੇ ਤਾਂ ਯਾਦ ਹੀ ਹੋਣੇ ਹਨ।
ਹੈਮਰ ਥ੍ਰੋ ’ਚ ਰਿਕਾਰਡ
ਹੈਮਰ ਥ੍ਰੋ ’ਚ ਰਾਏ ਕੱਲ੍ਹੇ ਤੇ ਨੂਰੇ ਮਾਹੀ ਦੀ ਧਰਤੀ ਰਾਏਕੋਟ ਦੇ ਬਲਬੀਰ ਸਿੰਘ ਤੇ ਨਿਰਮਲ ਸਿੰਘ ਗਰੇਵਾਲ ਦੇ ਨਾਂ ਕੌਮੀ ਰਿਕਾਰਡ ਰਿਹਾ ਹੈ। ਨਿਰਮਲ ਸਿੰਘ ਗਰੇਵਾਲ ਨੇ 1970 ਦੀਆਂ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਮਗਾ ਵੀ ਆਪਣੇ ਨਾਂ ਕੀਤਾ ਸੀ। ਸਰਹਾਲੀ ਕਲਾਂ ਦਾ ਜੰਮਪਲ ਪ੍ਰਵੀਨ ਕੁਮਾਰ ਸੋਬਤੀ ਜਿਸ ਨੇ ‘ਮਹਾਭਾਰਤ’ ਸੀਰੀਅਲ ’ਚ ਭੀਮ ਦੀ ਭੂਮਿਕਾ ਨਿਭਾਈ ਸੀ, ਨੇ ਹੈਮਰ ਤੇ ਡਿਸਕਸ ’ਚ ਏਸ਼ਿਆਈ, ਰਾਸ਼ਟਰਮੰਡਲ ਤੇ ਦੋ ਓਲੰਪਿਕ ਖੇਡਾਂ ’ਚ ਭਾਰਤ ਦੀ ਅਗਵਾਈ ਕੀਤੀ ਤੇ ਕਈ ਮੈਡਲ ਜਿੱਤੇ।
ਹਾਕੀ ’ਚ ਪੰਜਾਬੀਆਂ ਦੀ ਸਰਦਾਰੀ
ਬਾਕੀ ਹਾਕੀ ਵਾਲੇ ਸਰਦਾਰਾਂ ਦੀ ਜੇ ਮੈਂ ਗੱਲ ਕਰਾਂ ਤਾਂ ਬਲਬੀਰ ਸਿੰਘ ਸੀਨੀਅਰ ਤੋਂ ਲੈ ਕੇ ਟੋਕੀਓ ਓਲੰਪਿਕ ’ਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤਕ ਅਨੇਕਾਂ ਹੀ ਪੰਜਾਬੀਆਂ ਨੇ ਹਾਕੀ ਦੀ ਗੇਂਦ ਨੂੰ ਹਵਾ ’ਚ ਉਡਾਉਂਦਿਆਂ ਬੇਹਿਸਾਬ ਗੋਲ ਦਾਗੇ ਹਨ, ਜਿਨ੍ਹਾਂ ਨੇ ਹਰੇਕ ਮੁਕਾਬਲਿਆਂ ’ਚ ਵਿਰੋਧੀਆਂ ਦੇ ਨਾਸੀਂ ਧੂੰਆਂ ਲਿਆ ਦਿੱਤਾ। ਜੇ ਭਾਰਤ ਦੀ ਕੌਮੀ ਖੇਡ ਹਾਕੀ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਭਾਰਤੀ ਹਾਕੀ ਰੁਮਾਲਾਂ ਵਾਲੇ ਮੁੰਡਿਆ ਤੋਂ ਬਿਨਾਂ ਅਧੂਰੀ ਜਾਪਦੀ ਹੈ, ਜਿਨ੍ਹਾਂ ’ਚ ਕਰਨਲ ਜਸਵੰਤ ਸਿੰਘ, ਊਧਮ ਸਿੰਘ, ਸੁਰਜੀਤ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ, ਦੀਦਾਰ ਸਿੰਘ,ਰਾਜਪਾਲ ਸਿੰਘ, ਸਰਦਾਰਾ ਸਿੰਘ ਤੇ ਅਨੇਕਾਂ ਹੀ ਹੋਰ ਪੰਜਾਬੀਆਂ ਨੇ ਭਾਰਤ ਦਾ ਨਾਂ ਉੱਚਾ ਕੀਤਾ ਹੈ। 41 ਸਾਲਾਂ ਬਾਅਦ ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਵਾਲੀ ਹਾਕੀ ਟੀਮ ਵਿਚ ਵੀ ‘ਉੜਤਾ ਪੰਜਾਬ’ ਦੇ 11 ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਦੂਜੀਆਂ ਖੇਡਾਂ ’ਚ ਵੀ ‘ਉੜਤਾ ਪੰਜਾਬ’ ਦੇ ਖੇਡ ਮਹਾਰਥੀ ਗਾਮਾ ਭਲਵਾਨ, ਦਾਰਾ ਸਿੰਘ, ਪਦਮਸ੍ਰੀ ਕਰਤਾਰ ਸਿੰਘ, ਜਰਨੈਲ ਸਿੰਘ ਤੇ ਇੰਦਰ ਸਿੰਘ ਫੁੱਟਬਾਲਰ, ਮੁਹੰਮਦ ਅਲੀ ਨਾਲ ਲੜਨ ਵਾਲਾ ਲੱਖਾ ਸਿੰਘ ਬਾਕਸਰ, ਐੱਨ.ਬੀ.ਏ ਖੇਡਣ ਵਾਲਾ ਪਹਿਲਾ ਭਾਰਤੀ ਸਤਿਨਾਮ ਸਿੰਘ, ਕਬੱਡੀ ਵਾਲਾ ਬਲਵਿੰਦਰ ਫਿੱਡੂ, ਹਰਜੀਤ ਬਰਾੜ ਆਦਿ ਭਾਰਤੀ ਖੇਡਾਂ ਦੇ ਇਤਿਹਾਸ ’ਚ ਆਪਣਾ ਨਾਂ ਸੁਨਹਿਰੀ ਅੱਖਰਾਂ ’ਚ ਦਰਜ ਕਰਵਾ ਗਏ ਹਨ।