ਉੱਤਰਾਖੰਡ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਵਿੱਚ ਸਾਰਾ ਸਾਲ ਸੈਰ-ਸਪਾਟੇ ਦੀ ਪੁਰਜ਼ੋਰ ਵਕਾਲਤ ਕਰਦੇ ਹੋਏ ਅੱਜ ਕਿਹਾ ਕਿ ਇਸ ਖੂਬਸੂਰਤ ਪਹਾੜੀ ਸੂਬੇ ਵਿੱਚ ਕੋਈ ‘ਆਫ਼ ਸੀਜ਼ਨ’ ਨਹੀਂ ਹੋਣਾ ਚਾਹੀਦਾ ਅਤੇ ਹਰੇਕ ਸੀਜ਼ਨ ‘ਆਨ ਸੀਜ਼ਨ’ ਰਹੇ ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੱਡੀ ਪੱਧਰ ’ਤੇ ਮਜ਼ਬੂਤ ਮਿਲੇਗੀ।
ਮੁਖਵਾ ਵਿੱਚ ਦੇਵੀ ਗੰਗਾ ਦੇ ਸਰਦ ਰੁੱਤ ਨਿਵਾਸ ਸਥਾਨ ਵਿੱਚ ਪੂਜਾ ਕਰਨ ਤੋਂ ਬਾਅਦ ਹਰਸਿਲ ਵਿੱਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸੈਲਾਨੀ ਸਰਦੀਆਂ ਵਿੱਚ ਵੀ ਸੂਬੇ ’ਚ ਆਉਣਗੇ ਤਾਂ ਉਨ੍ਹਾਂ ਨੂੰ ਉੱਤਰਾਖੰਡ ਦੀ ਅਸਲ ਸੁੰਦਰਤਾ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਦੇਵੀ ਗੰਗਾ ਦੇ ਸਰਦੀਆਂ ਦੇ ਨਿਵਾਸ ਸਥਾਨ ਮੁਖਵਾ ਵਿੱਚ ਆ ਕੇ ਧੰਨ ਹੋ ਗਏ ਹਨ। ਉਨ੍ਹਾਂ ਕਿਹਾ, ‘‘ਮੈਨੂੰ ਮਾਂ ਗੰਗਾ ਨੇ ਸੱਦਿਆ ਹੈ। ਉਨ੍ਹਾਂ ਦੇ ਆਸ਼ੀਰਵਾਦ ਨਾਲ ਮੈਂ ਕਾਸ਼ੀ ਤੱਕ ਪੁੱਜਿਆ ਅਤੇ ਸੰਸਦ ਮੈਂਬਰ ਦੇ ਰੂਪ ਵਿੱਚ ਉੱਥੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਕੁਝ ਮਹੀਨੇ ਪਹਿਲਾਂ ਮੈਨੂੰ ਅਹਿਸਾਸ ਹੋਇਆ ਕਿ ਜਿਵੇਂ ਮਾਂ ਗੰਗਾ ਨੇ ਮੈਨੂੰ ਗੋਦ ਲੈ ਲਿਆ ਹੈ।’’ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਸਵੇਰੇ ਦੇਹਰਾਦੂਨ ਨੇੜੇ ਜੌਲੀਗ੍ਰਾਂਟ ਹਵਾਈ ਅੱਡੇ ’ਤੇ ਪੁੱਜੇ ਜਿੱਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਵਿਧਾਨ ਸਭਾ ਸਪੀਕਰ ਰਿਤੂ ਖੰਡੂਰੀ ਭੂਸ਼ਨ ਅਤੇ ਹੋਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੋਂ ਹੈਲੀਕਾਪਟਰ ਰਾਹੀਂ ਉਹ ਸਿੱਧੇ ਮੁਖਵਾ ਪੁੱਜੇ।