ਨੈਨੀਤਾਲ- ਇੱਥੇ ਭੀਮਤਾਲ ਸਾਲਦੀ ਵਿੱਚ ਰੋਡਵੇਜ਼ ਬੱਸ 1,500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਹਿਲਾ ਅਤੇ ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਕੁਮਾਉਂ ਦੇ ਕਮਿਸ਼ਨਰ ਦੀਪਕ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਣੇ 27 ਵਿਅਕਤੀ ਸਵਾਰ ਹਨ। ਇਹ ਬੱਸ ਪਿਥੌਰਾਗੜ੍ਹ ਤੋਂ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ। ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਲਦਵਾਨੀ ਦੇ ਸੁਸ਼ੀਲਾ ਤਿਵਾੜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿ ਜ਼ਿਆਦਾਤਰ ਜ਼ਖ਼ਮੀ ਜਨਰਲ ਵਾਰਡ ਵਿੱਚ ਹਨ ਪਰ ਕਈਆਂ ਨੂੰ ਆਈਸੀਯੂ ਵਿੱਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ।
ਭੋਵਾਲੀ ਦੇ ਸਰਕਲ ਅਧਿਕਾਰੀ ਸੁਮਿਤ ਪਾਂਡੇ ਨੇ ਦੱਸਿਆ ਕਿ ਬੱਸ 1,500 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਜ਼ਖਮੀਆਂ ਨੂੰ ਪਹਿਲਾਂ ਭੀਮਤਾਲ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਹੋਰ ਹਸਪਤਾਲਾਂ ਲਈ ਰੈਫਰ ਕੀਤਾ ਗਿਆ। ਇਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ।