ਦੁਨੀਆਂ ਭਰ ‘ਚ ਆਪਣੇ ਤਾਨਾਸ਼ਾਹ ਰਵੱਈਏ ਲਈ ਜਾਣੇ ਜਾਂਦੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਨੇ ਆਪਣੇ ਦੇਸ਼ ਦੀ ਜਨਤਾ ਤੋਂ ਮਾਫੀ ਮੰਗੀ ਹੈ। ਕਿਹਾ ਜਾ ਰਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਮ ਜੋਂਗ ਉਨ ਨੇ ਜਨਤਕ ਤੌਰ ‘ਤੇ ਆਪਣੀ ਗਲਤੀ ਮੰਨਦਿਆਂ ਲੋਕਾਂ ਤੋਂ ਮਾਫੀ ਮੰਗੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਿਮ ਜੋਂਗ ਉਨ ਨੇ ਆਪਣੀ ਪਾਰਟੀ ਦੀ 75ਵੀਂ ਵਰ੍ਹੇਗੰਢ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਮਾਫੀ ਮੰਗੀ ਹੈ। ਕਿਹਾ ਜਾ ਰਿਹਾ ਕਿ ਸੰਬੋਧਨ ਦੌਰਾਨ ਕਿਮ ਜੋਂਗ ਉਨ ਨੂੰ ਭਾਵੁਕ ਹੋਕੇ ਹੰਝੂ ਪੂੰਝਦਿਆਂ ਵੀ ਦੇਖਿਆ ਗਿਆ।
ਰਿਪੋਰਟ ‘ਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ‘ਚ ਮੁਸ਼ਕਿਲ ਹਾਲਾਤਾਂ ‘ਚ ਸ਼ਾਸਨ ਦੇ ਨਾਕਾਮ ਰਹਿਣ ਨੂੰ ਲੈਕੇ ਕਿਮ ਜੋਂਗ ਉਨ ਨੇ ਮਾਫੀ ਮੰਗੀ ਹੈ। ਕਿਮ ਜੋਂਗ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਪੂਰਵਜਾਂ ਨੂੰ ਯਾਦ ਕਰਦਿਆਂ ਕਿਹਾ, ‘ਕਿਮ 2 ਸੰਗ ਅਤੇ ਕਿਮ ਜੋਂਗ ਇਲ ਨੇ ਆਪਣੇ ਮਹਾਨ ਉਦੇਸ਼ਾਂ ਨੂੰ ਪੂਰਾ ਕਰਨ ਲਈ ਇਸ ਦੇਸ਼ ਦੇ ਲੋਕਾਂ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਪਰ ਮੇਰੇ ਵੱਲੋਂ ਕੀਤੇ ਗਏ ਯਤਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਕਰ ਰਹੇ ਜਿਸ ਦਾ ਮੈਨੂੰ ਕਾਫੀ ਅਫਸੋਸ ਹੈ।’ਕਿਮ ਜੋਂਗ ਉਨ ਨੇ ਆਪਣੀ ਪਾਰਟੀ ਦੀ 75ਵੀਂ ਵਰ੍ਹੇਗੰਢ ‘ਤੇ ਉੱਤਰ ਕੋਰੀਆ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪੂਰੇ ਵਿਸ਼ਵ ਦੇ ਨਾਲ-ਨਾਲ ਉਨ੍ਹਾਂ ਦੇ ਦੇਸ਼ ਲਈ ਕਾਫੀ ਚੁਣੌਤੀ ਲੈਕੇ ਆਈ ਹੈ। ਇਸ ਦਰਮਿਆਨ ਉਨ੍ਹਾਂ ਦੱਖਣੀ ਕੋਰੀਆ ਨਾਲ ਰਿਸ਼ਤੇ ਸੁਧਾਰਨ ਦੀ ਗੱਲ ‘ਤੇ ਵੀ ਜ਼ੋਰ ਦਿੱਤਾ। ਦੱਖਣੀ ਕੋਰੀਆ ਨੇ ਸ਼ਨੀਵਾਰ ਉੱਤਰ ਕੋਰੀਆ ਦੀ ਫੌਜੀ ਪਰੇਡ ‘ਚ ਸ਼ਾਮਲ ਹੋਈ ਲੇਟੈਸਟ ਮਿਜ਼ਾਇਲ ‘ਤੇ ਸਵਾਲ ਕਰਦਿਆਂ ਕਿਹਾ ਕਿ ਉਹ ਹਥਿਆਰੰਬਦੀ ਦੇ ਆਪਣੇ ਵਾਅਦੇ ‘ਤੇ ਕੰਮ ਕਰਨ।