ਸਿਓਲ-ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਪਰਮਾਣੂ ਸਮੱਗਰੀ ਬਣਾਉਣ ਵਾਲੇ ਪਲਾਂਟ ਦਾ ਨਿਰੀਖਣ ਕਰਕੇ ਦੇਸ਼ ਦੀ ਪਰਮਾਣੂ ਸਮਰੱਥਾ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਹੈ। ਕਿਮ ਦੇ ਇਸ ਕਦਮ ਨੂੰ ਉੱਤਰੀ ਕੋਰੀਆ ਵੱਲੋਂ ਅਮਰੀਕਾ ’ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਕਿਮ ਦੇ ਪਰਮਾਣੂ ਸਮੱਗਰੀ ਬਣਾਉਣ ਵਾਲੇ ਪਲਾਂਟ ’ਚ ਜਾਣ ਨਾਲ ਉੱਤਰ ਕੋਰੀਆ ਦੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ’ਚ ਵਾਧੇ ’ਤੇ ਲਗਾਤਾਰ ਜ਼ੋਰ ਦੇਣ ਦਾ ਸੰਕੇਤ ਵੀ ਮਿਲਿਆ ਹੈ। ਟਰੰਪ ਨੇ ਵੈਸੇ ਕਿਹਾ ਹੈ ਕਿ ਉਹ ਕੂਟਨੀਤੀ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕਿਮ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਆਪਣੇ ਪਿਛਲੇ ਕਾਰਜਕਾਲ ਦੌਰਾਨ ਟਰੰਪ ਨੇ ਤਿੰਨ ਵਾਰ ਕਿਮ ਨਾਲ ਮੁਲਕਾਤ ਕੀਤੀ ਸੀ। ਕਈ ਮਾਹਿਰ ਮੰਨਦੇ ਹਨ ਕਿ ਉੱਤਰ ਕੋਰੀਆ ਪਾਬੰਦੀਆਂ ’ਚ ਰਾਹਤ ਲੈਣ ਲਈ ਅਜਿਹੀ ਰਣਨੀਤੀ ਬਣਾ ਰਿਹਾ ਹੈ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੀ ਰਿਪੋਰਟ ’ਚ ਇਹ ਨਹੀਂ ਦੱਸਿਆ ਗਿਆ ਕਿ ਕਿਮ ਨੇ ਕਿਹੜੇ ਪਲਾਂਟ ਦਾ ਦੌਰਾ ਕੀਤਾ ਹੈ। ਉਂਝ ਕਿਮ ਦੇ ਦੌਰੇ ਸਬੰਧੀ ਤਸਵੀਰਾਂ ਤੋਂ ਸੰਕੇਤ ਮਿਲਦਾ ਹੈ ਕਿ ਉਸ ਨੇ ਯੂਰੇਨੀਅਮ ਨਾਲ ਸਬੰਧਤ ਕੇਂਦਰ ਦਾ ਦੌਰਾ ਕੀਤਾ ਸੀ, ਜਿਥੇ ਉਹ ਪਿਛਲੇ ਸਤੰਬਰ ’ਚ ਵੀ ਗਿਆ ਸੀ। ਉੱਤਰੀ ਕੋਰੀਆ ਨੇ ਐਤਵਾਰ ਨੂੰ ਕਰੂਜ਼ ਮਿਜ਼ਾਈਲ ਪ੍ਰਣਾਲੀ ਦਾ ਪਰੀਖਣ ਕੀਤਾ ਸੀ ਅਤੇ ਉਸ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਮਸ਼ਕਾਂ ਦਾ ਢੁੱਕਵਾਂ ਜਵਾਬ ਦੇਣ ਦਾ ਅਹਿਦ ਲਿਆ ਸੀ।