ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਸੀਨ ਗਵਾਨ ਦੇਸ਼ ਦੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੂੰ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਹੈ ਕਿ ਉੱਤਰੀ ਕੋਰੀਆ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ’ਤੇ ਵਿਚਾਰ ਨਹੀਂ ਕਰ ਰਿਹਾ ਹੈ।
ਇੰਨਾਂ ਹੀ ਨਹੀਂ ਜੋ ਸਾਡੇ ਨਾਲ ਮਿਲਣ ਦੀ ਗੱਲ ਕਰ ਰਹੇ ਹਨ ਉਹ ਸਿਰਫ਼ ਸਾਡਾ ਕੀਮਤੀ ਸਮਾਂ ਹੀ ਲੈ ਰਹੇ ਹਨ।ਸ਼ਿਨਹੂਆ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਰੀ ਨੇ ਆਪਣੇ ਬਿਆਨ ’ਚ ਇਹ ਵੀ ਕਿਹਾ ਹੈ ਕਿ ਉਹ ਵਰਕਰਜ਼ ਪਾਰਟੀ ਆਫ ਕੋਰੀਆ ਦੀ ਸੈਂਟਰਲ ਕਮੇਟੀ ਦੇ ਮਹਾ ਸਕੱਤਰ ਦੁਆਰਾ ਦਿੱਤੇ ਗਏ ਉਸ ਬਿਆਨ ਦਾ ਵੀ ਸਵਾਗਤ ਕਰਦੇ ਹਨ ਜਿਸ ’ਚ ਉਨ੍ਹਾਂ ਨੇ ਅਮਰੀਕਾ ਨਾਲ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ਼ ਕਰ ਦਿੱਤਾ ਹੈ। ਰੀ ਨੇ ਇਸ ਦੌਰਾਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਦੇ ਉਸ ਬਿਆਨ ਦੀ ਵੀ ਜ਼ਿਕਰ ਕੀਤਾ ਜਿਸ ’ਚ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਨਾਲ ਅਮਰੀਕਾ ਦੀ ਸੰਭਾਵਿਤ ਗੱਲਬਾਤ ’ਤੇ ਦਿੱਤੇ ਬਿਆਨ ਦਾ ਮਜ਼ਾਕ ਉਡਾਇਆ ਸੀ।