shaheen bagh intelligence: ਦਿੱਲੀ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਹੋ ਰਹੀ ਹਿੰਸਾ ਤੋਂ ਬੁੱਧਵਾਰ ਨੂੰ ਰਾਹਤ ਮਿਲੀ ਹੈ। ਬੁੱਧਵਾਰ ਨੂੰ ਕਿਸੇ ਵੀ ਜਗ੍ਹਾ ਹਿੰਸਕ ਝੜਪਾਂ ਦੀ ਕੋਈ ਖਬਰ ਨਹੀਂ ਮਿਲੀ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਭਾਰੀ ਗਿਣਤੀ ‘ਚ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਲਗਾਤਾਰ ਫਲੈਗ ਮਾਰਚਾਂ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਸ਼ਾਂਤੀ ਕਾਇਮ ਕੀਤੀ ਹੈ। ਪਰ ਹੁਣ ਦਿੱਲੀ ਪੁਲਿਸ ਨੂੰ ਇੱਕ ਨਵੀਂ ਜਾਣਕਾਰੀ ਮਿਲੀ ਹੈ। ਪੁਲਿਸ ਨੂੰ ਜਾਣਕਰੀ ਮਿਲੀ ਹੈ ਕਿ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਸ਼ਾਹੀਨ ਬਾਗ ਵਿਖੇ ਇਕੱਠੇ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਉੱਥੇ ਲੋਕਾਂ ਕੋਲ ਹਥਿਆਰ ਵੀ ਹੋ ਸਕਦੇ ਹਨ।
ਜਿਵੇਂ ਹੀ ਇਹ ਜਾਣਕਾਰੀ ਮਿਲੀ, ਦਿੱਲੀ ਪੁਲਿਸ ਨੂੰ ਸ਼ਾਹੀਨ ਬਾਗ ਬਾਰੇ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇੱਕ ਸੁਰੱਖਿਆ ਮੀਟਿੰਗ ਵੀ ਕੀਤੀ ਹੈ। ਮੌਜਪੁਰ, ਜਾਫਰਾਬਾਦ, ਭਜਨਪੁਰਾ ਅਤੇ ਸੀਲਮਪੁਰ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ, ਦਿੱਲੀ ਪੁਲਿਸ ਹੁਣ ਸ਼ਾਹੀਨ ਬਾਗ ਲਈ ਸੁਚੇਤ ਹੋ ਗਈ ਹੈ। ਦਰਅਸਲ, ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਸ਼ਾਹੀਨ ਬਾਗ ਖੇਤਰ ਦੇ ਨੇੜੇ ਇਕੱਠੇ ਹੋਣ ਜਾ ਰਹੇ ਹਨ।
ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੇਰ ਰਾਤ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੀ ਹੈ। ਸਥਿਤੀ ਦੇ ਮੱਦੇਨਜ਼ਰ, ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨੂੰ ਸ਼ਾਹੀਨ ਬਾਗ ਦਾ ਰਸਤਾ ਸਾਫ਼ ਕਰਨ ਦੀ ਬੇਨਤੀ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਰੋਸ ਪ੍ਰਦਰਸ਼ਨ ਨੂੰ ਸੜਕ ਤੋਂ ਹਟਾ ਦਿੱਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦਾ ਹਵਾਲਾ ਦੇ ਕੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।